550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਡੀ. ਸੀ ਅਤੇ ਵਿਧਾਇਕ ਚੀਮਾ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

by mediateam

8 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) : 

ਮੀਡਿਆ ਡੈਸਕ, ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਅਤੇ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਸੀ ਤਾਲਮੇਲ ਨਾਲ  ਸਾਰੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਤਾਂ ਜੋ ਸ਼ਤਾਬਦੀ ਸਮਾਗਮਾਂ ਦੇ ਪ੍ਰਬੰਧਾਂ ਵਿਚ ਕੋਈ ਕਮੀ ਬਾਕੀ ਨਾ ਰਹੇ।


ਡਿਪਟੀ ਕਮਿਸ਼ਨਰ ਇੰਜ. ਖਰਬੰਦਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ 400 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚ ਕੀਤੀ ਜਾ ਰਹੀ ਹੈ ਅਤੇ ਇਨਾਂ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਇਸ ਮੌਕੇ ਦੇਸ਼-ਵਿਦੇਸ਼ ਤੋਂ 50 ਲੱਖ ਦੇ ਕਰੀਬ ਪਹੁੰਚਣ ਵਾਲੀਆਂ ਸੰਗਤਾਂ ਦੀ ਆਓ ਭਗਤ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਇਤਿਹਾਸਕ ਮੌਕੇ ਸੰਗਤਾਂ ਨੂੰ ਹਰੇਕ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਸ਼ਹਿਰ ਨੂੰ ਕਪੂਰਥਲਾ, ਲੋਹੀਆਂ ਅਤੇ ਅੰਮ੍ਰਿਤਸਰ ਵਾਲੇ ਪਾਸਿਆਂ ਤੋਂ ਜੋੜਦੇ ਸਥਾਨਾਂ 'ਤੇ 679 ਏਕੜ ਜਗਾ ਵਿਚ ਤਿੰਨ ਪੜਾਵਾਂ 'ਤੇ ਟੈਂਟ ਸਿਟੀ ਬਣਾਇਆ ਜਾ ਰਿਹਾ ਹੈ, ਜਿਸ ਵਿਚ ਸੰਗਤ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਥੇ ਹਰੇਕ ਤਰਾ ਦੀ ਸਹੂਲਤ ਉਪਲਬੱਧ ਹੋਵੇਗੀ।


ਉਨਾਂ ਕਿਹਾ ਕਿ ਇਸ ਮੌਕੇ ਸਭ ਤੋਂ ਵੱਡਾ ਕੰਮ ਸੈਨੀਟੇਸ਼ਨ ਅਤੇ ਟ੍ਰਾਂਸਪੋਰਟੇਸ਼ਨ ਦਾ ਹੈ, ਜਿਸ ਸਬੰਧੀ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਉਨਾਂ ਸ਼ਹਿਰ ਅਤੇ ਟੈਂਟ ਸਿਟੀ ਵਿਚ ਸੈਨੀਟੇਸ਼ਨ ਅਤੇ ਟ੍ਰਾਂਸਪੋਰਟ ਪਲਾਨ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਇਸੇ ਤਰਾਂ  ਰੰਗ-ਰੋਗਨ, ਲਾਈਟਾਂ, ਮੈਡੀਕਲ ਮੈਪ, ਸਬ-ਸਟੇਸ਼ਨ, ਸੀਵਰੇਜ ਸਿਸਟਮ, ਲੰਗਰ ਪੁਆਇੰਟ, ਪਬਲਿਕ ਐਡਰੈੱਸ ਸਿਸਟਮ, ਸੀ. ਸੀ. ਟੀ. ਵੀ ਕੈਮਰਿਆਂ, ਬੈਰੀਕੇਡਿੰਗ ਆਦਿ ਬਾਰੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਦੱਸਿਆ ਕਿ ਸਮਾਗਮਾਂ ਸਬੰਧੀ ਜ਼ਮੀਨ ਦੇਣ ਬਦਲੇ ਸਬੰਧਤ ਕਿਸਾਨਾਂ ਨੂੰ ਦੋ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਸਾਰੇ ਮੁੱਖ ਪੁਆਇੰਟਾਂ 'ਤੇ ਝੰਡੀਆਂ ਲਗਾਉਣ ਦੇ ਨਿਰਦੇਸ਼ ਦਿੱਤੇ।


ਇਸ ਮੌਕੇ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਸ ਇਤਿਹਾਸਕ ਤੇ ਵਿਸ਼ਵ ਪੱਧਰੀ ਸਮਾਗਮ ਲਈ ਬਹੁਤ ਥੋੜਾ ਸਮਾਂ ਬਾਕੀ ਹੈ, ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਾਨੂੰ ਸਾਰਿਆਂ ਨੂੰ ਦਿਨ-ਰਾਤ ਇਕ ਕਰਨਾ ਪਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਮਾਗਮ ਦੀ ਸਫਲਤਾ ਲਈ ਅਣਥੱਕ ਯਤਨ ਜਾਰੀ ਹਨ, ਪਰੰਤੂ ਇਹ ਯਤਨ ਸਭਨਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦੇ ਹਨ। ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਵੱਲੋਂ ਅਧਿਕਾਰੀਆਂ ਸਮੇਤ ਮੁੱਖ ਪੁਆਇੰਟਾਂ ਦਾ ਦੌਰਾ ਕੀਤਾ ਗਿਆ, ਜਿਨਾਂ ਵਿਚ ਸਿਵਲ ਹਸਪਤਾਲ, ਬੱਸ ਸਟੈਂਡ, ਲੰਗਰ ਪੁਆਇੰਟ, ਐਸ. ਟੀ. ਪੀ ਅਤੇ ਬੇਈਂ ਦਾ ਘਾਟ ਆਦਿ ਸ਼ਾਮਿਲ ਸਨ। 


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਪੀ ਸ੍ਰੀ ਤੇਜਵੀਰ ਸਿੰਘ ਹੁੰਦਲ, ਡੀ. ਐਸ. ਪੀ ਡਾ. ਮੁਕੇਸ਼ ਕੁਮਾਰ, ਨਾਇਬ ਤਹਿਸੀਲਦਾਰ ਸ੍ਰੀ ਸੁਖਦੇਵ ਕੁਮਾਰ ਬੰਗੜ, ਬੀ. ਡੀ. ਪੀ. ਓ ਸ. ਗੁਰਪ੍ਰੀਤ ਸਿੰਘ, ਸਕੱਤਰ ਮਾਰਕੀਟ ਕਮੇਟੀ ਸ. ਜੁਗਰਾਜ ਸਿੰਘ ਸਾਹੀ, ਸ. ਸਤਿੰਦਰ ਸਿੰਘ ਚੀਮਾ, ਸ੍ਰੀ ਬਲਜਿੰਦਰ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਚੀਫ ਇੰਜੀਨੀਅਰ, ਐਕਸੀਅਨ, ਐਸ. ਡੀ. ਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ।