ਅੰਮ੍ਰਿਤਸਰ ਡੈਸਕ (ਸਾਹਿਬ) - ਮੰਗਲਵਾਰ ਵੀ ਚੰਡੀਗੜ੍ਹ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਵੇਖਿਆ ਗਿਆ। ਅੱਜ ਬੁੱਧਵਾਰ ਨੂੰ ਸਵੇਰ ਤੋਂ ਰਾਜਧਾਨੀ ਚੰਡੀਗੜ੍ਹ ਅਤੇ ਮੋਹਾਲੀ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਬੂੰਦਾਂ-ਬਾਂਦੀ ਨਜ਼ਰ ਆ ਰਹੀ ਹੈ। ਦੇਰ ਰਾਤ ਤੋਂ ਆਸਮਾਨ ਵਿੱਚ ਕਾਲੇ ਬੱਦਲ ਛਾਏ ਰਹੇ ਅਤੇ ਲਗਾਤਾਰ ਬਾਰਿਸ਼ ਪੈ ਰਹੀ ਹੈ, ਜਿਸ ਕਾਰਨ ਮੌਸਮ 'ਚ ਕੁਝ ਠੰਢਕ ਆਈ ਹੈ।
ਨਾਲ ਹੀ ਮੌਸਮ ਵਿਭਾਗ ਨੇ ਸੂਬੇ ਦੇ 5 ਜ਼ਿਲ੍ਹਿਆਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ, ਜਿਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਲ ਹਨ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਇਨ੍ਹਾਂ 5 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਜਦਕਿ ਔਸਤ ਤਾਪਮਾਨ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਪਾਇਆ ਗਿਆ, ਜੋ ਕਿ ਆਮ ਤਾਪਮਾਨ ਨਾਲੋਂ 1.9 ਡਿਗਰੀ ਵੱਧ ਰਿਹਾ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 38.1 ਡਿਗਰੀ ਦਰਜ ਕੀਤਾ ਗਿਆ, ਜਦਕਿ ਬਾਕੀ ਜ਼ਿਲ੍ਹਿਆਂ 'ਚ ਤਾਪਮਾਨ 33 ਤੋਂ 38 ਡਿਗਰੀ ਦੇ ਵਿਚਕਾਰ ਰਿਹਾ ਹੈ।



