ਪੰਜਾਬ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

by nripost

ਜਲੰਧਰ (ਰਾਘਵ): ਪੰਜਾਬ ਵਿਚ ਇਕ ਵਾਰ ਫਿਰ ਤੋਂ ਗਰਮੀ ਨੇ ਆਪਣਾ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਹੈ। ਅਤਿ ਦੀ ਪੈ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਤਾਪਮਾਨ ਵਧਦਾ ਰਹੇਗਾ ਪਰ ਉਥੇ ਹੀ 17 ਮਈ ਤੋਂ ਮੌਸਮ ਵਿਚ ਤਬਦੀਲੀ ਆਉਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੇਗੀ। ਵਿਭਾਗ ਨੇ 17, 18 ਅਤੇ 19 ਮਈ ਨੂੰ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ 17 ਮਈ ਨੂੰ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਰੂਪਨਗਰ, ਨਵਾਂਸ਼ਹਿਰ, ਮੋਹਾਲੀ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ।

ਉਥੇ ਹੀ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ 'ਤੇ ਸੂਬੇ ਦਾ ਸਭ ਤੋਂ ਵੱਧ ਤਾਪਮਾਨ 41.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋਕਿ ਆਮ ਨਾਲੋਂ 2.4 ਡਿਗਰੀ ਵੱਧ ਸੀ। ਲੁਧਿਆਣਾ 'ਚ 40.6 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਤਿੰਨ ਦਿਨਾਂ ਮਗਰੋਂ ਪੰਜਾਬ ਦੇ ਮੌਸਮ ਵਿਚ ਤਬਦੀਲੀ ਵੇਖਣ ਨੂੰ ਮਿਲੇਗੀ, ਇਸ ਦੇ ਨਾਲ ਹੀ ਬਾਰਿਸ਼ ਵੀ ਪਵੇਗੀ।