
ਜਲੰਧਰ (ਰਾਘਵ) : ਪੰਜਾਬ ਦੇ ਮੌਸਮ ਵਿਚ ਇਕ ਵਾਰ ਫਿਰ ਤੋਂ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ 3 ਜੂਨ ਤੱਕ ਮੀਂਹ ਤੇ ਤੇਜ਼ ਹਨ੍ਹੇਰੀ-ਝੱਖੜ ਦਾ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਹਿਮਾਚਲ ਵਿਚ ਬੀਤੇ ਦਿਨੀਂ ਹੋਈ ਬਰਫ਼ਬਾਰੀ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ, ਜਿਸ ਨਾਲ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ 3 ਜੂਨ ਨੂੰ ਭਾਰੀ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਵਿਚ ਯੈਲੋ ਅਲਰਟ ਰਹੇਗਾ, ਜਦੋਂ ਕਿ 4-5 ਜ਼ਿਲਿਆਂ ਵਿਚ ਰਾਹਤ ਰਹੇਗੀ। ਅੱਜ ਦੁਪਹਿਰ ਸਮੇਂ ਤੇਜ਼ ਧੁੱਪ ਵਿਚ ਸੜਕਾਂ ਸੁੰਨਸਾਨ ਸਨ ਅਤੇ ਲੋਕ ਆਪਣੇ ਘਰਾਂ ਵਿਚ ਰਹੇ। ਛੁੱਟੀਆਂ ਹੋਣ ਕਾਰਨ ਲੋਕਾਂ ਨੇ ਘਰਾਂ ਵਿਚ ਰਹਿਣਾ ਪਸੰਦ ਕੀਤਾ, ਜਿਸ ਕਾਰਨ ਦੁਪਹਿਰ ਵੇਲੇ ਜ਼ਿਆਦਾਤਰ ਬਾਜ਼ਾਰਾਂ ਵਿਚ ਬਹੁਤ ਘੱਟ ਭੀੜ ਸੀ।
ਤਾਪਮਾਨ ਵਿਚ ਗਿਰਾਵਟ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਕੱਲ ਨਾਲੋਂ 1.7 ਡਿਗਰੀ ਘੱਟ ਸੀ, ਜਦੋਂ ਕਿ ਘੱਟੋ-ਘੱਟ ਤਾਪਮਾਨ 22.6 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿਚ 42.3 ਡਿਗਰੀ, ਅੰਮ੍ਰਿਤਸਰ ਵਿਚ 38.6 ਅਤੇ ਚੰਡੀਗੜ੍ਹ ਵਿਚ 40 ਡਿਗਰੀ ਰਿਹਾ, ਜਦੋਂ ਕਿ ਸਮਰਾਲਾ ਵਿਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ। ਫਰੀਦਕੋਟ ਦੇ ਤਾਪਮਾਨ ਵਿਚ ਵੱਧ ਤੋਂ ਵੱਧ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਘਟੇਗਾ। ਅਗਲੇ 2 ਦਿਨ ਰਾਹਤ ਭਰੇ ਰਹਿਣਗੇ ਜਦੋਂ ਕਿ 3 ਜੂਨ ਤੋਂ ਬਾਅਦ ਤਾਪਮਾਨ ਵਧਣ ਦੀ ਉਮੀਦ ਹੈ।