
ਲੁਧਿਆਣਾ (ਰਾਘਵ): ਪੰਜਾਬ ’ਚ 26 ਜੂਨ ਤੱਕ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਨਸੂਨ ਕਿਸੇ ਵੀ ਸਮੇਂ ਆ ਸਕਦਾ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਸ਼ਨਿੱਚਰਵਾਰ ਨੂੰ ਸੂਬੇ ’ਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਵੀ ਸਕਦੀ ਹੈ। ਇਸ ਦੌਰਾਨ ਦਿਨ ਤੇ ਰਾਤ ਦੇ ਤਾਪਮਾਨ ’ਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਕਮੀ ਆ ਸਕਦੀ ਹੈ। ਦਿਨ ਦਾ ਤਾਪਮਾਨ 28 ਤੋਂ 32 ਅਤੇ ਰਾਤ ਦਾ ਤਾਪਮਾਨ 22 ਤੋਂ 25 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਉਮੀਦ ਹੈ।
ਚੰਡੀਗੜ੍ਹ ’ਚ 4.7, ਪਠਾਨਕੋਟ ’ਚ 15.5 ਅਤੇ ਬਠਿੰਡਾ ਵਿਚ 1.0 ਮਿਲੀਮੀਟਰ ਬਾਰਿਸ਼ ਹੋਈ। ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਰਿਹਾ ਜਦਕਿ ਲੁਧਿਆਣਾ ’ਚ 34.8, ਅੰਮ੍ਰਿਤਸਰ ’ਚ 37.6, ਪਟਿਆਲਾ ’ਚ 35.8, ਮੋਗਾ ’ਚ 35.5, ਜਲੰਧਰ ’ਚ 35, ਚੰਡੀਗੜ੍ਹ ’ਚ 34 ਤੇ ਪਠਾਨਕੋਟ ’ਚ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਨੂੰ ਦੇਖਦਿਆਂ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਮੁਤਾਬਕ ਹੀ ਖੇਤਾਂ ’ਚ ਬਿਜਾਈ ਜਾਂ ਕਟਾਈ ਦਾ ਕੰਮ ਕਰਨ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਪਹਿਲਾਂ ਮੌਸਮ ਦਾ ਧਿਆਨ ਰੱਖਣ।