ਇਰਾਨ-ਅਮਰੀਕਾ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਕਰਨਗੇ ਮਾਈਕ ਪੋਂਪਿਓ

by

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਮਾਈਕ ਪੋਂਪਿਓ ਜੋ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਹਨ ਉਨ੍ਹਾਂ ਨੇ ਕਿਹਾ ਹੈ ਕਿ ਉਹ ਖੁਸ਼ੀ-ਖੁਸ਼ੀ ਈਰਾਨ ਜਾਣਗੇ। ਇਸ ਦੌਰਾਨ ਉਹ ਈਰਾਨ 'ਤੇ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਕਰਨਗੇ। ਪੋਂਪਿਓ ਨੇ ਬਲੂਮਬਰਗ ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਵੀਰਵਾਰ ਨੂੰ ਕਿਹਾ ਕਿ ਉਹ ਪਾਬੰਦੀਆਂ ਦੇ ਪਿੱਛੇ ਅਮਰੀਕਾ ਦੇ ਕਾਰਨ ਸਪੱਸ਼ਟ ਕਰਨ ਲਈ ਈਰਾਨ ਦੇ ਟੈਲੀਵਿਜ਼ਨ 'ਤੇ ਆਉਣਾ ਪਸੰਦ ਕਰਨਗੇ। ਪੋਂਪਿਓ ਨੇ ਕਿਹਾ,''ਮੈਂ ਈਰਾਨ ਦੇ ਲੋਕਾਂ ਨਾਲ ਸਿੱਧੇ ਗੱਲ ਕਰਨ ਦੇ ਮੌਕੇ ਦਾ ਸਵਾਗਤ ਕਰਾਂਗਾ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ ਕਿ ਉਨ੍ਹਾਂ ਦੀ ਲੀਡਰਸ਼ਿਪ ਨੇ ਕੀ ਕੀਤਾ ਅਤੇ ਕਿਵੇਂ ਉਸ ਨੇ ਈਰਾਨ ਨੂੰ ਨੁਕਸਾਨ ਪਹੁੰਚਾਇਆ।'' 

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਈਰਾਨ ਨਾਲ ਪਰਮਾਣੂ ਪ੍ਰੋਗਰਾਮ 'ਤੇ ਲਗਾਮ ਲਗਾਉਣ ਵਾਲੇ ਸਮਝੌਤੇ ਤੋਂ ਆਪਣੇ ਦੇਸ਼ ਨੂੰ ਵੱਖ ਕਰ ਲਿਆ ਸੀ ਅਤੇ ਉਸ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਦੇ ਬਾਅਦ ਤੋਂ ਹੀ ਅਮਰੀਕਾ ਅਤੇ ਈਰਾਨ ਵਿਚਾਲੇ ਸੰਬੰਧ ਤਣਾਅਪੂਰਣ ਬਣੇ ਹੋਏ ਹਨ। ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਬੀਤੇ ਹਫਤੇ ਸੰਭਤ ਤੌਰ 'ਤੇ ਈਰਾਨ ਦੇ ਦੋ ਡਰੋਨਾਂ ਨੂੰ ਨਸ਼ਟ ਕੀਤਾ ਸੀ ਅਤੇ ਉਸ ਨੇ ਖਾੜੀ ਵਿਚ ਟੈਂਕਰ ਜਹਾਜ਼ਾਂ 'ਤੇ ਸਿਲਸਿਲੇਵਾਰ ਰਹੱਸਮਈ ਹਮਲੇ ਕਰਨ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ।