ਆਈਜ਼ੌਲ (ਰਾਘਵ) : ਭਾਰਤ 'ਚ ਸਿੱਖਿਆ ਦੇ ਖੇਤਰ 'ਚ ਮਿਜ਼ੋਰਮ ਨੇ ਇਤਿਹਾਸਕ ਪ੍ਰਾਪਤੀ ਕੀਤੀ ਹੈ। ਮਿਜ਼ੋਰਮ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜਿਸ ਨੂੰ ਪੂਰਨ ਤੌਰ 'ਤੇ ਸਾਖਰ ਰਾਜ ਐਲਾਨਿਆ ਗਿਆ ਹੈ। ਮੁੱਖ ਮੰਤਰੀ ਲਾਲਡੂਹੋਮਾ ਨੇ ਮੰਗਲਵਾਰ ਨੂੰ ਮਿਜ਼ੋਰਮ ਯੂਨੀਵਰਸਿਟੀ (MZU) 'ਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ। ਇਸ ਦੌਰਾਨ ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਵੀ ਮੌਜੂਦ ਸਨ। ਪਿਛਲੇ 14 ਸਾਲਾਂ ਵਿੱਚ ਮਿਜ਼ੋਰਮ ਦੀ ਸਾਖਰਤਾ ਦਰ 91.33 ਫੀਸਦੀ ਤੋਂ ਵਧ ਕੇ 98.2 ਫੀਸਦੀ ਹੋ ਗਈ ਹੈ।
ਮੁੱਖ ਮੰਤਰੀ ਲਾਲਡੂਹੋਮਾ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਜਸ਼ਨ ਮਨਾਉਂਦੇ ਹੋਏ, ਉਹ ਨਿਰੰਤਰ ਸਿੱਖਿਆ, ਡਿਜੀਟਲ ਪਹੁੰਚ ਅਤੇ ਕਿੱਤਾਮੁਖੀ ਹੁਨਰ ਸਿਖਲਾਈ ਰਾਹੀਂ ਸਾਖਰਤਾ ਬਣਾਈ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਉਂਦੇ ਹਨ। ਹੁਣ ਸਾਨੂੰ ਡਿਜੀਟਲ ਸਾਖਰਤਾ, ਵਿੱਤੀ ਸਾਖਰਤਾ ਅਤੇ ਉੱਦਮੀ ਹੁਨਰ ਵੱਲ ਵਧਣਾ ਹੋਵੇਗਾ। ਤਾਂ ਜੋ ਮਿਜ਼ੋ ਸਮਾਜ ਦੇ ਸਾਰੇ ਲੋਕ ਕਾਬਲ ਬਣ ਸਕਣ। ਕੇਂਦਰੀ ਮੰਤਰੀ ਜਯੰਤ ਚੌਧਰੀ ਨੇ ਇਸ ਉਪਲਬਧੀ ਲਈ ਮੁੱਖ ਮੰਤਰੀ ਲਾਲੜੂਹੋਮਾ ਅਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ 'ਨਵ ਭਾਰਤ ਸਾਖਰਤਾ ਪ੍ਰੋਗਰਾਮ' ਤਹਿਤ ਮਿਜ਼ੋਰਮ ਨੂੰ ਦੇਸ਼ ਦਾ ਪਹਿਲਾ ਪੂਰਨ ਸਾਖਰਤਾ ਰਾਜ ਘੋਸ਼ਿਤ ਕਰਨ 'ਤੇ ਮਾਣ ਮਹਿਸੂਸ ਕਰ ਰਹੇ ਹਨ।
2011 ਵਿੱਚ, ਮਿਜ਼ੋਰਮ ਦੀ ਸਾਖਰਤਾ ਦਰ 91.33 ਪ੍ਰਤੀਸ਼ਤ ਸੀ, ਜੋ ਦੇਸ਼ ਵਿੱਚ ਤੀਜੇ ਸਥਾਨ 'ਤੇ ਸੀ। ਜਿਹੜੇ ਲੋਕ ਸਾਖਰ ਨਹੀਂ ਸਨ ਉਨ੍ਹਾਂ ਦੀ ਪਛਾਣ ULLAS (ਸਮਾਜ ਵਿੱਚ ਸਾਰਿਆਂ ਲਈ ਜੀਵਨ ਭਰ ਸਿੱਖਿਆ ਨੂੰ ਸਮਝਣਾ) ਅਤੇ ਨਵ ਭਾਰਤ ਸਾਖਰਤਾ ਪ੍ਰੋਗਰਾਮ ਦੁਆਰਾ ਕੀਤੀ ਗਈ ਸੀ। ਕੁੱਲ 3,026 ਅਨਪੜ੍ਹਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 1,692 ਸੰਭਾਵੀ ਸਿਖਿਆਰਥੀ ਪਾਏ ਗਏ ਸਨ। ਇਸ ਮਿਸ਼ਨ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਸਰੋਤ ਵਿਅਕਤੀਆਂ ਅਤੇ ਕਲੱਸਟਰ ਕੋਆਰਡੀਨੇਟਰਾਂ ਸਮੇਤ 292 ਵਾਲੰਟੀਅਰ ਅਧਿਆਪਕਾਂ ਨੇ ਭਾਗ ਲਿਆ। ਮਿਜ਼ਰੋਮ ਨੇ ਇਹ ਉਪਲਬਧੀ ਕਮਿਊਨਿਟੀ ਸਹਿਯੋਗ, ਸਮਰਪਣ ਅਤੇ ਲੋਕਾਂ ਦੀ ਮਜ਼ਬੂਤ ਇੱਛਾ ਸ਼ਕਤੀ ਰਾਹੀਂ ਹਾਸਲ ਕੀਤੀ ਹੈ।



