ਬਰਨਾਲਾ (ਰਾਘਵ): ਆਮ ਆਦਮੀ ਪਾਰਟੀ ਦੇ ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ, ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਤਹਿਸੀਲ ਮਹਿਲ ਕਲਾਂ ਵਿਚ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਦੌਰਾਨ, ਭਗਵੰਤ ਮਾਨ ਸਰਕਾਰ ਵੱਲੋਂ ਦਿੱਤੇ ਹੁਕਮਾਂ ਅਨੁਸਾਰ, ਤਹਿਸੀਲ ਅੰਦਰ 15 ਮਿੰਟਾਂ ਵਿੱਚ ਰਜਿਸਟਰੀ ਪ੍ਰਕਿਰਿਆ ਪੂਰੀ ਕਰਨ ਦੀ ਪ੍ਰਣਾਲੀ ਦੀ ਤਸਦੀਕ ਕਰਨ ਲਈ ਮੌਕੇ ‘ਤੇ ਹੀ ਰਜਿਸਟਰੀ ਕਰਵਾਉਣ ਦੀ ਸ਼ੁਰੂਆਤ ਕਰਵਾਈ ਗਈ।ਵਿਧਾਇਕ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਾਜ ਭਰ ਦੀਆਂ ਤਹਿਸੀਲਾਂ ਵਿੱਚ ਆਨਲਾਈਨ ਰਜਿਸਟਰੀ ਪ੍ਰਕਿਰਿਆ ਨੂੰ ਤੇਜ਼ ਤੇ ਪਾਰਦਰਸ਼ੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਹਨ। ਹੁਣ ਪਿੰਡਾਂ ਦੇ ਲੋਕਾਂ ਨੂੰ ਰਜਿਸਟਰੀ ਸਮੇਤ ਹੋਰ ਸਰਕਾਰੀ ਕੰਮਾਂ ਲਈ ਦਫ਼ਤਰਾਂ ‘ਚ ਖੱਜਲ-ਖੁਆਰੀ ਨਹੀਂ ਹੋਵੇਗੀ।ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਲਗਾਤਾਰ ਉਪਰਾਲਿਆਂ ਕਾਰਨ ਹਰ ਵਰਗ ਦੇ ਲੋਕ ਸੰਤੁਸ਼ਟ ਹਨ। ਇਸ ਮੌਕੇ ਉਹਨਾਂ ਨੇ ਤਹਿਸੀਲਦਾਰ ਮਹਿਲ ਕਲਾਂ ਪਵਨ ਕੁਮਾਰ ਦੀ ਇਮਾਨਦਾਰ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੋਰ ਅਧਿਕਾਰੀ ਵੀ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਤਨਦੇਹੀ ਨਾਲ ਕੰਮ ਕਰਨ।
ਪੰਡੋਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰਾਂ ‘ਚ ਆਉਣ ਵਾਲੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਨਿਭਾਏ ਜਾਣ ਅਤੇ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਵੇ। ਤਹਿਸੀਲਦਾਰ ਪਵਨ ਕੁਮਾਰ ਨੇ ਯਕੀਨ ਦਿਵਾਇਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਲੋਕਾਂ ਦੇ ਕੰਮ ਤੁਰੰਤ ਕੀਤੇ ਜਾਣਗੇ।ਇਸ ਮੌਕੇ ਤਹਿਸੀਲ ਮਹਿਲ ਕਲਾਂ ਦੇ ਕਰਮਚਾਰੀਆਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਗੁਲਦਸਤੇ ਭੇਟ ਕਰਕੇ ਉਹਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਪੀਏ ਬਿੰਦਰ ਸਿੰਘ ਖਾਲਸਾ, ਬਲਾਕ ਪ੍ਰਧਾਨ ਗੁਰਜੀਤ ਸਿੰਘ ਸਹਿਜੜਾ, ਸਤੀਸ਼ ਕੁਮਾਰ ਮਹਿਲ ਕਲਾਂ, ਗੁਰਪ੍ਰੀਤ ਸਿੰਘ ਗੁਰੀ ਔਲਖ, ਤਹਿਸੀਲ ਮਹਿਲ ਕਲਾਂ ਦੇ ਰਜਿਸਟਰਾਰ ਯਾਦਵਿੰਦਰ ਸਿੰਘ,ਕਰਨ ਸਿੰਘ,ਸੀਨੀਅਰ ਅਧਿਕਾਰੀ ਗੁਰਪ੍ਰੀਤ ਸਿੰਘ, ਸਹਾਇਕ ਰੀਡਰ ਦੀਪਕ ਕੁਮਾਰ, ਕੰਨਗੋ ਰਾਜਵਿੰਦਰ ਸਿੰਘ, ਪਟਵਾਰੀ ਹਰਦੇਵ ਸਿੰਘ ਕੱਟੂ, ਸੇਵਾਦਾਰ ਕੌਰ ਸਿੰਘ ਪੰਡੋਰੀ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।



