ਵਿਧਾਇਕ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਨੂੰ ਮੁੜ ਕੀਤੀ ਬੇਨਤੀ,ਕਿਹਾ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੰਡੀਗੜ੍ਹ ਦੇ ਮਸਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੇਰੀ ਭਗਵੰਤ ਮਾਨ ਨੂੰ ਮੁੜ ਬੇਨਤੀ ਹੈ ਕਿ ਪੰਜਾਬ ਕੋਲੋਂ ਚੰਡੀਗੜ੍ਹ ਖੋਹਣ ਵਾਲੇ ਭਾਜਪਾ ਦੇ ਸਰਾਸਰ ਪੱਖਪਾਤੀ ਫ਼ੈਸਲੇ ਵਿਰੁੱਧ ਆਵਾਜ਼ ਚੁੱਕਣ। ਕ੍ਰਿਪਾ ਕਰਕੇ ਸਰਬ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਜਾਵੇ ਜਾਂ ਜ਼ਮੀਨੀ ਪੱਧਰ ’ਤੇ ਇਸ ਦਾ ਵਿਰੋਧ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਭਾਵੇਂ ਮੱਧ ਪ੍ਰਦੇਸ਼, ਭਾਵੇਂ ਰਾਜਸਥਾਨ ਭਾਵੇਂ ਯੂ. ਪੀ. ਵਿਚੋਂ ਕਿਸੇ ਨੂੰ ਵੀ ਚੱਕ ਕੇ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਨੇ ਇਕ ਹਮਲਾ ਤਾਂ ਸਾਡੇ ’ਤੇ ਕਰ ਦਿੱਤਾ ਹੈ ਅਤੇ ਜੇਕਰ ਅਸੀਂ ਆਉਣ ਵਾਲੇ ਸਮੇਂ ’ਚ ਇਹ ਹਮਲਾ ਸਹਿ ਜਾਂਦੇ ਹਾਂ ਤਾਂ ਪਤਾ ਨਹੀਂ ਹੋਰ ਕਿੰਮੇ ਹਮਲੇ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੇ ਪਹਿਲਾਂ ਵੀ ਕੇਂਦਰ ਵੱਲੋਂ ਬੀ. ਬੀ. ਐੱਮ. ਬੀ. ਦਾ ਅਧਿਕਾਰ ਖੋਹਣ ਦੇ ਨਾਲ-ਨਾਲ ਬੀ. ਐੱਸ. ਐੱਫ. ਦਾ ਦਾਇਰਾ ਬਾਰਡਰ ਤੋਂ ਲੈ ਕੇ ਅੰਦਰ ਤੱਕ 150 ਕਿਲੋਮੀਟਰ ਵਧਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਬਣਦੀ ਹੈ ਕਿ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਹੈ। ਮੇਰੀ ਅਪੀਲ ਹੈ ਕਿ ਇਸ ਮਸਲੇ ਨੂੰ ਇੰਝ ਹੀ ਨਾ ਜਾਣ ਦਿੱਤਾ ਜਾਵੇ। ਜੇ ਇੰਝ ਹੀ ਇਹ ਮਸਲਾ ਜਾਣ ਦਿੱਤਾ ਤਾਂ ਕੇਂਦਰ ਸਰਕਾਰ ਹੋਰ ਵੀ ਕਈ ਸਮਲਿਆਂ ’ਤੇ ਪੰਜਾਬ ਦੇ ਅਧਿਕਾਰ ਖੋਵੇਗੀ। ‘ਆਪ’ ਦੇ ਕੋਲ ਇਕ ਸੁਨਹਿਰੀ ਮੌਕਾ ਹੈ ਕਿ ਉਹ ਇਸ ਮਸਲੇ ’ਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਪਣਾ ਵਫ਼ਦ ਲੈ ਕੇ ਜਾਣ।