ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਨਰਿੰਦਰ ਮੋਦੀ ਅੱਜ ਸ਼ਾਮੀ ਸੱਤ ਵਜੇ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਮੌਕੇ ਵੀਵੀਆਈਪੀ ਸਣੇ ਅੱਠ ਹਜ਼ਾਰ ਮਹਿਮਾਨ ਰਾਸ਼ਟਰਪਤੀ ਭਵਨ ਚ ਮੌਜੂਦ ਰਹਿਣਗੇ। ਇਸ ਸਹੁੰ ਚੁਕਾਈ ਸਮਾਰੋਹ 'ਚ ਵਿਰੋਧੀ ਧਿਰ ਦੇ ਆਗੂ, ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਾਰੇ ਰਾਜਪਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਤੇ ਸੂਬਿਆਂ ਦੇ ਸੀਨੀਅਰ ਭਾਜਪਾ ਆਗੂ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ‘ਬਿਮਸਟੈਕ’ (BIMSTEC) ਨੂੰ ਇਸ ਸਹੁੰ ਚੁਕਾਈ ਸਮਾਰੋਹ ਲਈ ਬੁਲਾਇਆ ਗਿਆ ਹੈ।
ਸੂਤਰਾਂ ਮੁਤਾਬਕ ਯੂਪੀਏ ਦੀ ਚੇਅਰਪਰਸਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਸਮਾਹੋਰ 'ਚ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਵਿਦੇਸ਼ੀ ਰਹਿਨੁਮਾ, ਨੁਮਾਇੰਦੇ, ਟਾਟਾ, ਅੰਬਾਨੀ, ਅਡਾਨੀ ਘਰਾਣਿਆਂ ਸਣੇ ਬਾਲੀਵੁੱਡ ਦੇ ਕਈ ਸਿਤਾਰੇ ਮੌਜੂਦ ਰਹਿਣਗੇ।
ਮਹਾਤਮਾ ਗਾਂਧੀ ਤੇ ਅਟਲ ਦੀ ਸਮਾਧੀ 'ਤੇ ਜਾਣਗੇ ਮੋਦੀ
ਦੱਸ ਦਈਏ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਰਿੰਦਰ ਮੋਦੀ, ਮਹਾਤਮਾ ਗਾਂਧੀ ਦੀ ਸਮਾਧੀ 'ਰਾਜਘਾਟ' ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੀ ਸਮਾਧੀ 'ਸਦੈਵ ਅਟਲ' 'ਤੇ ਵੀ ਜਾਣਗੇ ਅਤੇ ਸ਼ਰਧਾ ਦੇ ਫ਼ੁੱਲ ਭੇਂਟ ਕਰਨਗੇ।



