ਨਵੀਂ ਦਿੱਲੀ (ਪਾਇਲ): ਭਾਰਤ ਦੀ ਵਿਸ਼ਵ ਵਿਜੇਤਾ ਮਹਿਲਾ ਕ੍ਰਿਕਟ ਟੀਮ ਮੰਗਲਵਾਰ ਸ਼ਾਮ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਦਿੱਲੀ ਪਹੁੰਚੀ, ਜਿੱਥੇ ਬੁੱਧਵਾਰ ਨੂੰ ਟੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਬੁੱਧਵਾਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਿਵਾਸ ਸਥਾਨ 'ਤੇ ਟੀਮ ਨਾਲ ਮੁਲਾਕਾਤ ਕਰਨਗੇ ਅਤੇ ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਣਗੇ।
ਦੱਸ ਦਇਏ ਕਿ ਪ੍ਰਧਾਨ ਮੰਤਰੀ ਵੱਲੋਂ ਖਿਡਾਰੀਆਂ ਨੂੰ ਖ਼ਾਸ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਨਵੀ ਮੁੰਬਈ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ।
ਇਸ ਤੋਂ ਪਹਿਲਾਂ ਮੁੰਬਈ ਏਅਰਪੋਰਟ 'ਤੇ ਟੀਮ ਨੂੰ ਸ਼ਾਨਦਾਰ ਵਧਾਈ ਦਿੱਤੀ ਗਈ ਸੀ। ਉੱਥੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਪਹੁੰਚੇ ਹੋਏ ਸਨ। ਹਾਲਾਂਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਨਰਲ ਏਵਿਏਸ਼ਨ ਟਰਮੀਨਲ 'ਤੇ ਸੁਰੱਖਿਆ ਕਾਰਨਾਂ ਕਰਕੇ ਆਮ ਜਨਤਾ ਨੂੰ ਇਜਾਜ਼ਤ ਨਹੀਂ ਸੀ ਅਤੇ ਸਿਰਫ਼ ਮੀਡੀਆ ਕਰਮਚਾਰੀਆਂ ਨੂੰ ਹੀ ਪ੍ਰਵੇਸ਼ ਮਿਲਿਆ।
ਜਿਸ ਸੰਬੰਧ 'ਚ ਟੀਮ ਨੂੰ ਮੁੰਬਈ ਤੋਂ ਦਿੱਲੀ ਲਿਆਉਣ ਲਈ ਸਟਾਰ ਏਅਰ ਦੀ ਵਿਸ਼ੇਸ਼ ਚਾਰਟਰ ਫਲਾਈਟ (S5, 8328) ਦਾ ਪ੍ਰਬੰਧ ਕੀਤਾ ਗਿਆ ਸੀ। ਰਾਜਧਾਨੀ ਵਿੱਚ ਟੀਮ ਦੇ ਆਗਮਨ ਤੋਂ ਪਹਿਲਾਂ ਹੀ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਸਨ। ਪੁਲਿਸ ਨੇ ਟੀਮ ਬੱਸ ਅਤੇ ਉਸਦੇ ਰਸਤੇ ਦੀ ਜਾਂਚ ਕੀਤੀ, ਜਦਕਿ ਡੌਗ ਸਕਵਾਇਡ ਨੇ ਕਿਸੇ ਵੀ ਸੰਭਾਵੀ ਖ਼ਤਰੇ ਦੀ ਭਾਲ ਕੀਤੀ। ਦਿੱਲੀ ਪਹੁੰਚਣ ਤੋਂ ਬਾਅਦ ਖਿਡਾਰੀ ਸਿੱਧੇ ਹੋਟਲ ਲਈ ਰਵਾਨਾ ਹੋ ਗਏ।
ਮੀਟਿੰਗ ਤੋਂ ਬਾਅਦ ਟੀਮ ਦੇ ਸਾਰੇ ਮੈਂਬਰ ਆਪਣੇ-ਆਪਣੇ ਜੱਦੀ ਸ਼ਹਿਰਾਂ ਨੂੰ ਵਾਪਸ ਚਲੇ ਜਾਣਗੇ, ਜਦਕਿ ਸ਼ੈਫਾਲੀ ਵਰਮਾ ਸਿੱਧੇ ਨਾਗਾਲੈਂਡ ਲਈ ਰਵਾਨਾ ਹੋ ਜਾਵੇਗੀ, ਜਿੱਥੇ ਉਹ ਉੱਤਰੀ ਜ਼ੋਨ ਦੀ ਕਪਤਾਨੀ ਕਰੇਗੀ ਅਤੇ ਇੰਟਰ ਜ਼ੋਨਲ ਟੀ20 ਟੂਰਨਾਮੈਂਟ ਵਿੱਚ ਹਿੱਸਾ ਲਵੇਗੀ।



