PM ਸੁਰੱਖਿਆ ਮਾਮਲਾ; ਆਪਣੇ ਹੀ ਬੋਲਾਂ ਤੋਂ ਪਲਟੇ CM ਚੰਨੀ, ਦਿੱਤਾ ਇਹ ਵੱਡਾ ਬਿਆਨ…

PM ਸੁਰੱਖਿਆ ਮਾਮਲਾ; ਆਪਣੇ ਹੀ ਬੋਲਾਂ ਤੋਂ ਪਲਟੇ CM ਚੰਨੀ, ਦਿੱਤਾ ਇਹ ਵੱਡਾ ਬਿਆਨ…

ਨਿਊਜ਼ ਡੈਸਕ (ਜਸਕਮਲ) : 5 ਜਨਵਰੀ ਨੂੰ ਬਠਿੰਡਾ-ਹੁਸੈਨੀਵਾਲਾ ਵਿਖੇ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਕੋਤਾਹੀ ਦੇ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਹੀ ਬਿਆਨ ਤੋਂ ਪਲਟ ਗਏ ਹਨ। ਉਨ੍ਹਾਂ ਕਿਹਾ ਕਿ “ਮੈਨੂੰ ਰਾਤ ਨੂੰ ਕਿਹਾ ਗਿਆ ਕਿ ਡੰਡੇ ਮਾਰ ਕੇ ਪ੍ਰਦਰਸ਼ਨਕਾਰੀਆਂ ਨੂੰ ਹਟਾਓ ਤਾਂ ਮੈਂ ਸਾਫ਼ ਇਨਕਾਰ ਕਰ ਦਿੱਤਾ”। ਦੂਜੇ ਦਿਨ ਵੀ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ, ਕਿਉਂਕਿ ਮੈਂ ਆਪਣੇ ਲੋਕਾਂ ਖ਼ਿਲਾਫ਼ ਸਖ਼ਤੀ ਕਿਉਂ ਕਰਾਂ।

ਇਸ ਤੋਂ ਪਹਿਲਾਂ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ ਗਰਮਾਉਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦੌਰੇ ਤੋਂ ਪਹਿਲਾਂ ਰਾਤ 3 ਵਜੇ ਤਕ ਯਤਨ ਕਰ ਕੇ ਜਿੰਨੇ ਵੀ ਕਿਸਾਨ ਸੜਕਾਂ ’ਤੇ ਬੈਠੇ ਸਨ, ਨੂੰ ਸੜਕਾਂ ਤੋਂ ਚੁੱਕਿਆ। ਕੇਂਦਰੀ ਏਜੰਸੀਆਂ ਤੇ ਭਾਜਪਾ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਕਿਸਾਨਾਂ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਜਿਸ ਦਿਨ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ ਸੀ, ਉਸ ਦਿਨ ਸਵੇਰੇ ਸਾਢੇ 6 ਵਜੇ ਆਈਬੀ ਡਾਇਰੈਕਟਰ ਦਾ ਫ਼ੋਨ ਆਇਆ ਤੇ ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਹੋ ਗਿਆ ਹੈ।

ਮੁੱਖ ਮੰਤਰੀ ਹੁਣ ਇਸ ਗੱਲ ਤੋਂ ਵੀ ਪਲਟ ਗਏ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਕੋਈ ਸੌਗਾਤ ਦੇਣੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਜ ਤਕ ਕੇਂਦਰ ਨੇ ਕੁਝ ਨਹੀਂ ਦਿੱਤਾ। ਫਿਰੋਜ਼ਪੁਰ ’ਚ ਵੀ ਕੋਈ ਨਵੇਂ ਐਲਾਨ ਨਹੀਂ ਹੋਣੇ ਸਨ। ਇਸ ਤੋਂ ਪਹਿਲਾਂ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਤਾਂ ਬਹੁਤ ਕੁੱਝ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗਣ ਬਾਰੇ ਪਰ ਅਚਾਨਕ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਤੇ ਪੀਏ ਕੋਰੋਨਾ ਪਾਜ਼ੇਟਿਵ ਹੋ ਗਏ, ਇਸ ਲਈ ਉਨ੍ਹਾਂ ਨੂੰ ਮਜਬੂਰਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਨੂੰ ਟਾਲਣਾ ਪਿਆ।