Mohali Blast : ਪੁਲਿਸ ਨੇ 12 ਵਿਅਕਤੀਆਂ ਨੂੰ ਲਿਆ ਹਿਰਾਸਤ ’ਚ

by jaskamal

ਨਿਊਜ਼ ਡੈਸਕ : ਮੋਹਾਲੀ ਦੇ ਸੈਕਟਰ 77 ਸਥਿਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਸੰਚਾਲਿਤ ਗ੍ਰਨੇਡ ਹਮਲੇ ਤੋਂ ਬਾਅਦ ਜ਼ਿਲ੍ਹਾ ਪੁਲਸ ਨੇ ਇਸ ਸਬੰਧ ’ਚ ਲਗਪਗ 12 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਸੋਹਾਣਾ ਥਾਣੇ 'ਚ ਧਾਰਾ 307, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਸੋਧ ਐਕਟ, 2008 (UAPA) ਦੀ ਧਾਰਾ 16 ਤੇ ਵਿਸਫੋਟਕ ਐਕਟ ਦੀ ਧਾਰਾ 16 ਦੇ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਦੇ ਸੁਰੱਖਿਆ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ ਡਿਊਟੀ ’ਤੇ ਸੀ ਤੇ ਸੋਮਵਾਰ ਸ਼ਾਮ 7.45 ਵਜੇ ਦੇ ਕਰੀਬ ਧਮਾਕਾ ਹੋਇਆ ਤੇ ਜਦੋਂ ਉਹ ਤੀਜੀ ਮੰਜ਼ਿਲ ’ਤੇ ਗਿਆ ਤਾਂ  ਉਸ ਨੇ ਕਮਰਾ ਨੰਬਰ 41 ਵਿਚੋਂ ਧੂੰਆਂ ਨਿਕਲਦਾ ਦੇਖਿਆ। ਉਕਤ ਨੇ ਦੱਸਿਆ ਕਿ ਜਦੋਂ ਅਸੀਂ ਅੰਦਰ ਗਏ ਤਾਂ ਦੇਖਿਆ ਕਿ ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਜੋ ਖਿੜਕੀ ਦਾ ਸ਼ੀਸ਼ਾ ਤੋੜ ਕੇ ਕਮਰੇ ਵਿਚ ਦਾਖਲ ਹੋਇਆ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਅੱਜ ਹੀ ਇਸ ਕੇਸ ਨੂੰ ਸੁਲਝਾਉਣ ਦੀ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਇਸ ਦੇ ਬਹੁਤ ਨੇੜੇ ਹਾਂ ਅਤੇ ਇਸ ਸਬੰਧ ਵਿਚ ਪਹਿਲਾਂ ਹੀ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।