ਕੈਪਿਟੋਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 100 ਤੋਂ ਜ਼ਿਆਦਾ ਆਰੋਪੀ ਗਿ੍ਫ਼ਤਾਰ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਕੈਪਿਟੋਲ ਸੰਸਦ ਚ ਛੇ ਜਨਵਰੀ ਨੂੰ ਹੋਏ ਹਮਲੇ ਦੇ ਮਾਮਲੇ 'ਚ ਹੁਣ ਤਕ 100 ਤੋਂ ਜ਼ਿਆਦਾ ਆਰੋਪੀਆਂ ਨੂੰ ਗਿ੍ਫ਼ਤਾਰ ਕਰ ਲਿਤਾ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਨੇ ਕੈਪੀਟਲ ਹਿਲ ਅਰਥਾਤ ਸੰਸਦ ਕੰਪਲੈਕਸ 'ਤੇ ਹੱਲਾ ਬੋਲਿਆ ਸੀ। ਕਰੀਬ ਚਾਰ ਘੰਟੇ ਚੱਲੀ ਹੁੱਲੜਬਾਜ਼ੀ ਦੌਰਾਨ ਰੱਜ ਕੇ ਭੰਨ-ਤੋੜ ਤੇ ਗੋਲ਼ੀਬਾਰੀ ਹੋਈ ਸੀ। ਇਸ 'ਚ ਪੰਜ ਲੋਕਾਂ ਦੀ ਮੌਤ ਹੋਈ ਸੀ। ਹਮਲੇ 'ਚ ਦੌਰਾਨ ਸੰਸਦ 'ਚ ਬਾਇਡਨ ਦੀ ਜਿੱਤ 'ਤੇ ਮੋਹਰ ਲਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ।

ਉਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਵੀਰਵਾਰ ਨੂੰ ਬੈਠਕ ਦੌਰਾਨ ਐੱਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਦੱਸਿਆ, 'ਅਸੀਂ ਤੇ ਸਾਡੀਆਂ ਸਹਿਯੋਗੀ ਏਜੰਸੀਆਂ ਨੇ ਸੰਸਦ 'ਤੇ ਹਮਲੇ ਦੇ ਮਾਮਲੇ 'ਚ ਹੁਣ ਤਕ 100 ਤੋਂ ਜ਼ਿਆਦਾ ਲੋਕਾਂ ਨੂੰ ਅਪਰਾਧਿਕ ਸਰਗਰਮੀਆਂ 'ਚ ਗਿ੍ਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਅਣਗਿਣਤ ਜਾਂਚਾਂ ਚੱਲ ਰਹੀਆਂ ਹਨ। ਇਧਰ, ਨਿਆਂ ਵਿਭਾਗ ਨੇ ਦੱਸਿਆ ਕਿ ਕਾਨੂੰਨ ਇਨਫੋਰਸਮੈਂਟ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੁੱਲੜਬਾਜ਼ਾਂ ਦੀ ਪਛਾਣ ਲਈ ਇਕ ਲੱਖ 40 ਲੱਖ ਹਜ਼ਾਰ ਸੂਚਨਾਵਾਂ ਮਿਲੀਆਂ ਹਨ।

ਸਾਬਕਾ ਫ਼ੌਜ ਤੇ ਪੁਲਿਸ ਅਧਿਕਾਰੀ ਰਹੇ ਸ਼ਾਮਿਲ

ਸੰਸਦ 'ਤੇ ਹਮਲਾ ਕਰਨ ਵਾਲੇ ਲੋਕਾਂ 'ਚ ਕਈ ਸਾਬਕਾ ਫ਼ੌਜੀ ਤੇ ਪੁਲਿਸ ਅਧਿਕਾਰੀ ਵੀ ਦੱਸੇ ਜਾ ਰਹੇ ਹਨ। ਇੰਟਰਨੈੱਟ ਮੀਡੀਆ ਪੋਸਟ ਤੇ ਵੀਡੀਓਜ਼ ਰਾਹੀਂ ਘੱਟੋ-ਘੱਟ 21 ਮੌਜੂਦਾ ਤੇ ਸਾਬਕਾ ਫ਼ੌਜੀਆਂ ਦੀ ਪਛਾਣ ਕੀਤੀ ਗਈ ਹੈ, ਜਦਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਇਸ ਤਰ੍ਹਾਂ ਦੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕਰ ਰਹੀ ਹੈ।