ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੌਰਾਨ 500 ਤੋਂ ਜ਼ਿਆਦਾ ਕਿਸਾਨ ਹੋ ਚੁੱਕੇ ਹਨ ਸ਼ਹੀਦ -ਕਿਸਾਨ ਯੁਨੀਅਨ

by vikramsehajpal

ਬੁਢਲਾਡਾ (ਕਰਨ)- ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਪਿਛਲੇ ਛੇ ਮਹੀਨਿਆਂ ਦੌਰਾਨ ਸੰਘਰਸ਼ ਅਤੇ ਧਰਨਿਆਂ ਵਿਚ 500 ਤੋ ਵੱਧ ਧਰਨਿਆਂ ਦੌਰਾਨ ਕਿਸਾਨ ਸ਼ਹੀਦ ਹੋ ਚੁੱਕੇ ਹਨ। ਜਿਨ੍ਹਾਂ ਦੀ ਸ਼ਹਾਦਤ ਜਾਇਆ ਨਹੀ ਜਾਣ ਦਿੱਤੀ ਜਾਵੇਗੀ।

ਇਹ ਸ਼ਬਦ ਅੱਜ ਇੱਥੇ ਸ਼ਹੀਦ ਹੋਏ ਕਿਸਾਨ ਜਗਸੀਰ ਸਿੰਘ ਰੈਲੀ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਹੇ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਦੌਰਾਨ ਪਿੰਡ ਰੱਲੀ ਦੇ ਦੋ ਕਿਸਾਨ ਜਰਨੈਲ ਸਿੰਘ ਅਤੇ ਜਸਵੀਰ ਸਿੰਘ ਸ਼ਹੀਦ ਕਿਸਾਨਾਂ ਦੀ ਸੂਚੀ ਵਿਚ ਦਰਜ ਹੋ ਚੁੱਕੇ ਹਨ। ਉਹਨਾ ਦੱਸਿਆ ਕਿ ਜਗਸੀਰ ਸਿੰਘ ਦੀ ਹਾਲਤ ਖਰਾਬ ਹੋਣ ਤੋਂ ਬਾਅਦ 6 ਮਈ ਨੂੰ ਹਿਸਾਰ ਵਿਖੇ ਦਾਖਿਲ ਕਰਵਾਇਆ ਗਿਆ ਸੀ ਤੇ 11 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮ੍ਰਿਤਕ ਜਰਨੈਲ ਸਿੰਘ ਨੂੰ 8 ਮਈ ਨੂੰ ਦਾਖਿਲ ਕਰਵਾਇਆ ਗਿਆ ਸੀ ਅਤੇ 19 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਮੋਰਚੇ ਦੇ ਦੂਜੇ ਸ਼ਹੀਦਾਂ ਦੇ ਪਰਿਵਾਰਾਂ ਦੇ ਵਾਂਗ ਹੀ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ 5 ਲੱਖ ਰੁਪਏ ਦਾ ਮੁਆਵਜ਼ਾ, ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨੀ ਸੰਘਰਸ਼ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਦਿ ਹਾਜ਼ਰ ਸਨ।