ਸਿੱਧੀ (ਨੇਹਾ): ਮੱਧ ਪ੍ਰਦੇਸ਼ ਦੇ ਸਿੱਧੀ ਦੇ ਕੈਮੋਰ ਪਹਾੜ 'ਤੇ ਇਕ ਦਰਦਨਾਕ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 4 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਾਰੇ ਸ਼ਰਧਾਲੂ ਸਿੰਗਰੌਲੀ ਤੋਂ ਪ੍ਰਯਾਗਰਾਜ ਜਾ ਰਹੇ ਸਨ, ਜਦੋਂ ਸ਼ਰਧਾਲੂਆਂ ਨਾਲ ਭਰੀ ਬੋਲੈਰੋ ਗੱਡੀ ਕੈਮੋਰ ਪਹਾੜ ਨੇੜੇ ਬੇਕਾਬੂ ਹੋ ਕੇ ਪਲਟ ਗਈ।
ਇਹ ਘਟਨਾ ਬੀਤੀ ਰਾਤ ਅਮੀਲੀਆ ਥਾਣਾ ਖੇਤਰ ਦੇ ਕੈਮੋਰ ਪਹਾੜ 'ਚ ਵਾਪਰੀ। ਸੂਚਨਾ ਮਿਲਣ 'ਤੇ ਅਮੇਲੀਆ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੱਡੀ ਦੀ ਤੇਜ਼ ਰਫਤਾਰ ਕਾਰਨ ਵਾਪਰਿਆ। ਹਾਦਸਾ ਇੰਨਾ ਖਤਰਨਾਕ ਸੀ ਕਿ ਬੋਲੈਰੋ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।



