
ਸੰਗਰੂਰ (ਰਾਘਵ): ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੂੰ ਅੱਜ ਜਲੰਧਰ ਵਿੱਚ ਆਯੋਜਿਤ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਚੁਣਿਆ ਗਿਆ। ਪੰਜਾਬ ਦੇ ਸਾਬਕਾ ਖੇਡ ਮੰਤਰੀ ਅਤੇ ਬੈਡਮਿੰਟਨ ਤੇ ਕ੍ਰਿਕਟ ਦੇ ਚੰਗੇ ਖਿਡਾਰੀ ਮੀਤ ਹੇਅਰ ਅਗਲੇ ਚਾਰ ਸਾਲਾਂ ਲਈ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਵਾਗਡੋਰ ਸੰਭਾਲਣਗੇ। ਐਸੋਸੀਏਸ਼ਨ ਦੀ ਚੋਣ ਵਿੱਚ ਰਿਤਿਨ ਖੰਨਾ ਸਕੱਤਰ, ਲਲਿਤ ਗੁਪਤਾ, ਸੰਦੀਪ ਰਿਣਵਾ, ਵਿਨੈ ਵੋਹਰਾ, ਕਵੀ ਰਾਜ ਡੋਗਰਾ, ਵਿਨੋਦ ਵਤਰਾਣਾ ਤੇ ਰੋਹਿਤ ਜੈਨ ਉਪ ਪ੍ਰਧਾਨ, ਅਨੁਪਮ ਕੁਮਾਰੀਆ ਖਜ਼ਾਨਚੀ, ਚਿਤਰੰਜਨ ਬਾਂਸਲ ਤੇ ਜਤਿੰਦਰ ਸੰਧੂ ਸਕੱਤਰ, ਜਸਵੰਤ ਢਿੱਲੋਂ, ਸ਼ਮਸ਼ੇਰ ਢਿੱਲੋਂ ਤੇ ਪੰਜਾਬ ਮਸੀਹ ਸੰਯੁਕਤ ਸਕੱਤਰ ਬਣੇ ਹਨ।
ਮੀਤ ਹੇਅਰ ਨੇ ਸਾਰੇ ਜ਼ਿਲ੍ਹਾ ਬੈਡਮਿੰਟਨ ਸੰਘਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੈਡਮਿੰਟਨ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਦੇ ਯਤਨ ਕੀਤੇ ਜਾਣਗੇ। ਸੂਬੇ ਦੇ ਹਰ ਕੋਨੇ ਵਿੱਚ ਬੈਡਮਿੰਟਨ ਕੋਰਟ ਉਪਲਬਧ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਿਛਲੇ ਸਮੇਂ ਵਿਚ ਬੈਡਮਿੰਟਨ ਵਿਚ ਬਹੁਤ ਵਧੀਆ ਨਤੀਜੇ ਦਿੱਤੇ ਹਨ ਅਤੇ ਅੱਗੇ ਵੀ ਇਸ ਤੋਂ ਬਿਹਤਰ ਨਤੀਜੇ ਲਿਆਉਣ ਦੇ ਯਤਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਖੇਡ ਮੰਤਰੀ ਵਜੋਂ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਖੇਡਾਂ ਵਾਲਾ ਮਾਹੌਲ ਸਿਰਜਣ ਲਈ ਕਾਫੀ ਕੰਮ ਕੀਤਾ। ਮੀਤ ਹੇਅਰ ਰੋਜ਼ਾਨਾ ਬੈਡਮਿੰਟਨ ਖੇਡਦੇ ਹਨ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਸੰਸਦ ਮੈਂਬਰਾਂ ਦੁਆਰਾ ਆਯੋਜਿਤ ਬੈਡਮਿੰਟਨ ਟੂਰਨਾਮੈਂਟ ਵਿਚ ਇਸ ਖੇਡ ਦੀਆਂ ਪੰਜ ਵੱਖ-ਵੱਖ ਸ਼੍ਰੇਣੀਆਂ ਵਿੱਚ ਖਿਤਾਬ ਜਿੱਤੇ ਹਨ। ਉਹ ਵਰਤਮਾਨ ਵਿੱਚ ਲੋਕ ਸਭਾ ਦੇ ਮੈਂਬਰ ਹਨ ਅਤੇ ਬਰਨਾਲਾ ਤੋਂ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਉਹ ਬਰਨਾਲਾ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਹਨ। ਅੱਜ ਦੀ ਮੀਟਿੰਗ ਵਿਚ ਨਵੇਂ ਚੁਣੇ ਗਏ ਸਕੱਤਰ ਰਿਤਿਨ ਖੰਨਾ ਨੇ ਸਾਲ 2025-26 ਦਾ ਕੈਲੰਡਰ ਜਾਰੀ ਕੀਤਾ ਅਤੇ ਰੈਂਕਿੰਗ ਪ੍ਰਤੀਯੋਗਤਾ ਨੂੰ ਵਧਾਉਣ ''ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਮਰਹੂਮ ਕੋਚ ਹਰਜਿੰਦਰ ਸਿੰਘ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਤੇ ਬੈਡਮਿੰਟਨ ਕੋਚ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਚੋਣ ਵਿਚ ਪਰਮਿੰਦਰ ਸ਼ਰਮਾ, ਅਸ਼ੋਕ ਕੁਮਾਰ, ਰਣਬੀਰ ਢੀਂਡਸਾ, ਰਾਹੁਲ ਕਪਲਿਸ਼, ਮਨੋਜ ਕੁਮਾਰ, ਸੁਖਚੈਨ ਸਿੰਘ, ਗੁਰਪ੍ਰੀਤ ਬਾਜਵਾ, ਹਰਿੰਦਰ ਸ਼ਰਮਾ ਅਤੇ ਵਿਸ਼ਾਲ ਰੱਲਾ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।