ਮੁੱਲਾ ਹਸਨ ਹੋਣਗੇ ਅਫਗਾਨਿਸਤਾਨ ‘ਚ ਤਾਲਿਬਾਨ ਦੀ ਨਵੀਂ ਸਰਕਾਰ ਦਾ PM

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ 'ਚ ਤਾਲਿਬਾਨ ਦੀ ਸਰਕਾਰ ਦਾ ਗਠਨ ਹੋ ਗਿਆ ਹੈ। ਮੁੱਲਾ ਮੁਹੰਮਦ ਹਸਨ ਅਖੁੰਦ ਅਫਗਾਨਿਸਤਾਨ 'ਚ ਤਾਲਿਬਾਨੀ ਸਰਕਾਰ ਦੇ ਪ੍ਰਧਾਨ ਮੰਤਰੀ ਹੋਣਗੇ। ਅੰਤ੍ਰਿਮ ਸਰਕਾਰ 'ਚ ਸਿਰਾਜ ਹੱਕਾਨੀ ਨੂੰ ਅੰਤ੍ਰਿਮ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਮੁੱਲਾ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ।

ਮੁੱਲਾ ਹਸਨ ਅਖੁੰਦ ਕੈਬਨਿਟ ਦੇ ਮੁਖੀ ਹੋਣਗੇ ਭਾਵ ਉਹ ਤਾਲਿਬਾਨੀ ਸਰਕਾਰ 'ਚ ਪੀ.ਐੱਮ. ਦਾ ਅਹੁਦਾ ਸੰਭਾਲਣਗੇ। ਅਬਦੁਲ ਗਨੀ ਬਰਾਦਰ ਉਪ ਪ੍ਰਧਾਨ ਮੰਤਰੀ ਹੋਣਗੇ। ਖੈਰਉੱਲਾਹ ਖੈਰਖਵਾ ਨੂੰ ਸੂਚਨਾ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਅਬਦੁਲ ਹਕੀਮ ਨੂੰ ਨਿਆਂ ਮੰਤਰਾਲਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ੇਰ ਅੱਬਾਸ ਸਟਾਨਿਕਜਈ ਨੂੰ ਡਿਪਟੀ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।

ਉਥੇ ਜਬਿਉੱਲਾਹ ਮੁਜਾਹਿਦ ਨੂੰ ਸੂਚਨਾ ਮੰਤਰਾਲਾ 'ਚ ਡਿਪਟੀ ਮੰਤਰੀ ਦੀ ਕਮਾਨ ਦਿੱਤੀ ਗਈ ਹੈ। ਤਾਲਿਬਾਨ ਨੇ ਸਰਕਾਰ 'ਚ ਉਨ੍ਹਾਂ ਤਾਲਿਬਾਨੀ ਨੇਤਾਵਾਂ ਨੂੰ ਤਰਜ਼ੀਹ ਦਿੱਤੀ ਹੈ ਜੋ 20 ਸਾਲਾ ਤੋਂ ਅਮਰੀਕਾ ਸਮਰਥਿਤ ਅਫਗਾਨਿਸਤਾਨ ਵਿਰੁੱਧ ਮੋਰਚਾ ਖੋਲੇ ਹੋਏ ਸਨ। ਅੰਤਰਰਾਸ਼ਟਰੀ ਸਮੂਹ ਦੀ ਮੰਗ ਸੀ ਕਿ ਗੈਰ-ਤਾਲਿਬਾਨੀਆਂ ਨੂੰ ਵੀ ਸਰਕਾਰ 'ਚ ਸ਼ਾਮਲ ਕੀਤਾ ਜਾਵੇ ਪਰ ਇਹ ਮੰਗ ਪੂਰੀ ਹੁੰਦੀ ਨਹੀਂ ਦਿਖੀ।

ਬੀਤੇ ਕੁਝ ਮਹੀਨਿਆਂ 'ਚ ਅਫਗਾਨਿਸਤਾਨ 'ਚ ਹਾਲਾਤ ਕਾਫੀ ਤੇਜ਼ੀ ਨਾਲ ਬਦਲੇ ਹਨ। ਅਫਗਾਨਿਸਤਾਨ 'ਚ ਤਾਲਿਬਾਨ ਨੇ ਕਬਜ਼ਾ ਜਮਾਇਆ ਤਾਂ ਦੂਜੇ ਪਾਸੇ 31 ਅਗਸਤ ਨੂੰ ਖਤਮ ਹੋ ਰਹੀ ਡੈਡਲਾਈਨ ਤਹਿਤ ਅਮਰੀਕੀ ਫੌਜ ਅਫਗਾਨ ਧਰਤੀ ਨੂੰ ਛੱਡ ਕੇ ਆਪਣੇ ਦੇਸ਼ ਪਰਤ ਗਈ। ਅਫਗਾਨਿਸਤਾਨ 'ਚ ਬਦਲਦੇ ਹਾਲਾਤ ਦਰਮਿਆਨ ਤਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਵੀ ਅਫਗਾਨਿਸਤਾਨ ਛੱਡ ਕੇ ਭੱਜ ਗਏ।

ਤਾਲਿਬਾਨੀ ਸਰਕਾਰ ਦੇ ਗਠਨ ਤੋਂ ਪਹਿਲਾਂ ਦੁਨੀਆ ਦੇ ਕਈ ਦੇਸ਼ ਇਸ ਗੱਲ ਦੀ ਉਮੀਦ 'ਚ ਸਨ ਕਿ ਤਾਲਿਬਾਨ ਇਕ ਸਮਾਵੇਸ਼ੀ ਸਰਕਾਰ ਦਾ ਗਠਨ ਕਰੇਗਾ। ਤਾਲਿਬਾਨ ਖੁਦ ਕਈ ਵਾਰ ਇਸ ਗੱਲ ਨੂੰ ਦੁਹਰਾ ਚੁੱਕਿਆ ਹੈ ਕਿ ਉਹ 20 ਸਾਲ ਪਹਿਲੇ ਵਾਲਾ ਤਾਲਿਬਾਨ ਨਹੀਂ ਹੈ, ਉਹ ਲੋਕਾਂ ਦੇ ਅਧਿਕਾਰੀਂ ਨੂੰ ਸਨਮਾਨ ਦੇਵੇਗਾ।