High Alert ‘ਤੇ ਮੁੰਬਈ, ਨਵੇਂ ਸਾਲ ਮੌਕੇ ਹੋ ਸਕਦੈ ਅੱਤਵਾਦੀ ਹਮਲਾ, ਸੁਰੱਖਿਆ ਏਜੰਸੀਆਂ ਵੱਲੋਂ Warning

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਦੇ ਲੁਧਿਆਣਾ ਕੋਰਟ 'ਚ ਬੰਬ ਕਾਂਡ ਦੇ ਹਾਦਸੇ ਤੋਂ ਬਾਅਦ ਹੁਣ ਮੁੰਬਈ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਖਾਲਿਸਤਾਨੀ ਅੱਤਵਾਦੀ ਮੁੰਬਈ 'ਚ ਨਵੇਂ ਸਾਲ ਮੌਕੇ ਇਕ ਵੱਡਾ ਹਮਲਾ ਕਰ ਸਕਦੇ ਹਨ। ਇਸ ਅਲਰਟ ਤੋਂ ਬਾਅਦ ਮੁੰਬਈ ਦੇ ਸਾਰੇ ਰੇਲਵੇ ਸਟੇਸ਼ਨਾਂ 'ਚ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਭੀੜ ਵਾਲੀਆਂ ਥਾਵਾਂ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੁਰੱਖਿਆ ਏਜੰਸੀਆਂ ਵੱਲੋਂ ਮਿਲੇ ਹਾਈ ਅਲਰਟ ਤੋਂ ਬਾਅਦ ਮੁੰਬਈ ਪੁਲਿਸ ਪ੍ਰਸ਼ਾਸਨ ਤੇ ਰੇਲਵੇ ਪੁਲਿਸ ਪ੍ਰਸ਼ਾਸਨ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸਾਰਿਆਂ ਨੂੰ ਡਿਊਟੀ 'ਤੇ ਰਹਿਣ ਦੇ ਹੁਕਮ ਜਾਰੀ ਦਿੱਤੇ ਗਏ ਹਨ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਰੇਲਵੇ ਕਮਿਸ਼ਨਰ ਨੇ ਦੱਸਿਆ ਕਿ ਮੁੰਬਈ 'ਚ ਅਲਰਟ ਦੇ ਮੱਦੇਨਜ਼ਰ ਸ਼ਹਿਰ ਦੇ ਪ੍ਰਮੁੱਖ ਸਟੇਸ਼ਨਾਂ ਦਾਦਰ, ਬਾਂਦਰਾ ਚਰਚਗੇਟ, ਸੀਐੱਸਐੱਮਟੀ, ਕੁਰਲਾ ਤੇ ਹੋਰ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਕੱਲ੍ਹ 3000 ਤੋਂ ਵੱਧ ਰੇਲਵੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ।

ਇਥੇ ਦੱਸਣਾ ਬਣਦਾ ਹੈ ਕਿ ਮੁੰਬਈ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਕਾਰਨ ਧਾਰਾ 144 ਪਹਿਲਾਂ ਤੋਂ ਹੀ ਲਾਗੂ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਮੁੰਬਈ ਪੁਲਿਸ ਪ੍ਰਸ਼ਾਸਨ ਨੇ ਹੋਟਲਾਂ ਤੇ ਰੈਸਟੋਰੈਂਟਾਂ ਸਮੇਤ ਕਿਸੇ ਵੀ ਬੰਦ ਜਾਂ ਖੁੱਲ੍ਹੀ ਜਗ੍ਹਾ 'ਤੇ ਨਵੇਂ ਸਾਲ ਦੇ ਜਸ਼ਨ ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਹੁਕਮਾਂ 'ਚ ਹੋਟਲਾਂ, ਰੈਸਟੋਰੈਂਟਾਂ, ਬੈਂਕੁਏਟ ਹਾਲਾਂ, ਬਾਰ, ਪੱਬਾਂ, ਆਰਕੈਸਟਰਾ, ਰਿਜ਼ੋਰਟਸ, ਕਲੱਬਾਂ ਤੇ ਇਮਾਰਤਾਂ ਦੀਆਂ ਛੱਤਾਂ ਸਮੇਤ ਕਿਸੇ ਵੀ ਥਾਂ 'ਤੇ ਨਵੇਂ ਸਾਲ ਦੇ ਜਸ਼ਨਾਂ, ਸਮਾਗਮਾਂ ਅਤੇ ਇਕੱਠਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਟਰੇਨਾਂ, ਬੱਸਾਂ ਤੇ ਨਿੱਜੀ ਕਾਰਾਂ ਮੌਜੂਦਾ ਦਿਸ਼ਾ-ਨਿਰਦੇਸ਼ਾਂ ਤੇ ਨਿਯਮਾਂ ਮੁਤਾਬਕ ਚੱਲ ਸਕਦੀਆਂ ਹਨ।