ਮੁੰਬਈ (ਦੇਵ ਇੰਦਰਜੀਤ) : ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸਿਧਾਰਥ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਬਣੇ ਸਨ। ਜਾਣਕਾਰੀ ਮੁਤਾਬਕ, ਦਿਲ ਦਾ ਦੌਰਾ ਪੈਣ ਕਾਰਨ ਸਿਧਾਰਥ ਦਾ ਦਿਹਾਂਤ ਹੋਇਆ ਹੈ। ਹਾਲਾਂਕਿ ਮੁੰਬਈ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਬੀਤੀ ਰਾਤ ਮੁੰਬਈ 'ਚ ਉਨ੍ਹਾਂ ਦੀ ਸਿਹਤ ਵਿਗੜੀ ਸੀ।
ਦਵਾਈ ਲੈਣ ਤੋਂ ਬਾਅਦ ਉਹ ਸੋਣ ਚੱਲੇ ਗਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਸਵੇਰੇ ਉਹ ਉਠਿਆ ਹੀ ਨਹੀਂ, ਉਹ ਆਪਣੇ ਕਮਰੇ 'ਚ ਬੇਹੋਸ਼ ਦੀ ਹਾਲਤ 'ਚ ਮਿਲੇ ਸਨ। ਉਨ੍ਹਾਂ ਨੂੰ ਤੁਰੰਤ ਕੂਪਰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਿਧਾਰਥ ਸ਼ੁਕਲਾ ਦੇ ਫੈਨਜ਼ ਲਈ ਇਹ ਬਹੁਤ ਬੁਰੀ ਖ਼ਬਰ ਹੈ।
ਮੁੰਬਈ ਪੁਲਸ ਦੀ ਇਕ ਟੀਮ ਜਾਂਚ ਲਈ ਸਿਧਾਰਥ ਦੇ ਘਰ ਮੌਜੂਦ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸਿਧਾਰਥ ਦੇ ਸਰੀਰ 'ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ। ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਦੇ ਪਰਿਵਾਰ ਨੇ ਵੀ ਕਿਸੇ ਤਰ੍ਹਾਂ ਦੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ।
ਪੁਲਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆਵੇਗੀ। ਜਾਣਕਾਰੀ ਮੁਤਾਬਕ, ਸਿਧਾਰਥ ਸ਼ੁਕਲਾ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਆਈ।
ਪੁਲਸ ਨੂੰ ਸ਼ੁਰੂਆਤੀ ਪੁੱਛਗਿੱਛ 'ਚ ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਸਾਜਿਸ਼ ਤੋਂ ਇਨਕਾਰ ਕੀਤਾ ਹੈ। ਪਰਿਵਾਰ ਦਾ ਇਹ ਬਿਆਨ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।ਭੈਣ ਤੇ ਜੀਜਾ ਹਸਪਤਾਲ 'ਚ ਕੂਪਰ ਹਸਪਤਾਲ 'ਚ ਸਿਧਾਰਥ ਸ਼ੁਕਲਾ ਦੀ ਭੈਣ ਤੇ ਜੀਜਾ ਮੌਜੂਦ ਹਨ। ਸਿਧਾਰਥ ਦੀ ਮਾਂ ਨੂੰ ਅਜੇ ਤਕ ਬੇਟੇ ਦੇ ਦਿਹਾਂਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸਿਧਾਰਥ ਸ਼ੁਕਲਾ ਦੀ ਬੀਤੀ ਰਾਤ ਆਖਰੀ ਗੱਲ ਕਰਨ ਕੁੰਦਰਾ ਨਾਲ ਹੋਈ ਸੀ। ਕਰਨ ਕੁੰਦਰਾ ਨੇ ਸਿਧਾਰਥ ਦੇ ਦਿਹਾਂਤ ਦੀ ਜਾਣਕਾਰੀ ਮਿਲਣ 'ਤੇ ਸਵੇਰੇ ਟਵੀਟ ਕੀਤਾ ਅਤੇ ਇਸ ਗੱਲ ਦੀ ਜਾਣਕਾਰੀ ਦਿੱਤੀ।'ਬਾਲਿਕਾ ਵਧੂ’ ’ਚ ਸ਼ਿਵ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਸਿਧਾਰਥ ਸ਼ੁਕਲਾ ਨੇ ਕਈ ਰਿਐਲਿਟੀ ਸ਼ੋਅਜ਼ ’ਚ ਹਿੱਸਾ ਲਿਆ ਸੀ। ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ 'ਦਿਲ ਸੇ ਦਿਲ ਤਕ' 'ਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ।
ਇਸ ਸੀਰੀਅਲ 'ਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆਏ ਸਨ। ਇਸ ਸ਼ੋਅ ਦੇ ਜੱਜ ਕਰਨ ਜੋਹਰ ਸਨ। ਸਿਧਾਰਥ ਦੇ ਲੁਕਸ ਤੋਂ ਇੰਪ੍ਰੈੱਸ ਹੋ ਕੇ ਕਰਨ ਜੋਹਰ ਨੇ ਸ਼ੋਅ ਤੋਂ ਸਿਧਾਰਥ ਨੂੰ ਆਪਣੀ ਫ਼ਿਲਮ 'ਚ ਲਿਆ ਸੀ।