ਮੁੰਬਈ ‘ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ

by nripost

ਮੁੰਬਈ (ਕਿਰਨ) : ਮੁੰਬਈ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਆਈਬੀ ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਸੰਭਾਵਿਤ ਦਹਿਸ਼ਤੀ ਖ਼ਤਰੇ ਬਾਰੇ ਸੁਚੇਤ ਕੀਤੇ ਜਾਣ ਤੋਂ ਬਾਅਦ ਮੁੰਬਈ ਪੁਲਿਸ ਨੇ ਭੀੜ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਮੁੰਬਈ ਦੇ ਕਈ ਧਾਰਮਿਕ ਸਥਾਨਾਂ ਅਤੇ ਹੋਰ ਭੀੜ-ਭੜੱਕੇ ਵਾਲੇ ਸਥਾਨਾਂ 'ਤੇ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਮੁਲਾਜ਼ਮਾਂ ਨੂੰ ਧਾਰਮਿਕ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਮੌਕ ਡਰਿੱਲ ਕਰਨ ਲਈ ਵੀ ਕਿਹਾ ਗਿਆ ਹੈ।

ਮੁੰਬਈ ਦੇ ਡੀਸੀਪੀਜ਼ ਨੂੰ ਵੀ ਆਪਣੇ-ਆਪਣੇ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਦੇ ਸਾਰੇ ਮੰਦਰਾਂ ਨੂੰ ਸਾਵਧਾਨੀ ਦੇ ਤੌਰ 'ਤੇ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਨੇ ਸ਼ੁੱਕਰਵਾਰ ਨੂੰ ਭੀੜ-ਭੜੱਕੇ ਵਾਲੇ ਕ੍ਰਾਫੋਰਡ ਮਾਰਕਿਟ ਖੇਤਰ ਵਿੱਚ ਇੱਕ ਮੌਕ ਡਰਿੱਲ ਵੀ ਕੀਤੀ, ਜਿੱਥੇ ਦੋ ਪ੍ਰਸਿੱਧ ਧਾਰਮਿਕ ਸਥਾਨ ਹਨ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਇਹ ਸੁਰੱਖਿਆ ਅਭਿਆਸ ਸੀ। ਦੱਸ ਦੇਈਏ ਕਿ ਮੁੰਬਈ 'ਚ 10 ਦਿਨਾਂ 'ਗਣੇਸ਼ ਚਤੁਰਥੀ' ਤੋਂ ਬਾਅਦ ਹੁਣ ਦੁਰਗਾ ਪੂਜਾ, ਦੁਸਹਿਰੇ ਅਤੇ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।