ਸ੍ਰੀ ਅਨੰਦਪੁਰ ਸਾਹਿਬ ‘ਚ ਸਹੁਰੇ ਘਰ ਆਏ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

by vikramsehajpal

ਸ੍ਰੀ ਅਨੰਦਪੁਰ ਸਾਹਿਬ (ਰਾਘਵ) : ਦੇਰ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਦੇ ਚੋਈ ਬਾਜ਼ਾਰ ਵਿਖੇ ਵਾਪਰੀ ਇੱਕ ਮੰਦਭਾਗੀ ਘਟਨਾ ਦੌਰਾਨ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਮਾਣਕੂ ਮਾਜਰਾ, ਥਾਣਾ ਨੂਰਪੁਰ ਬੇਦੀ, ਜੋ ਕਿ ਆਪਣੇ ਸਹੁਰੇ ਘਰ ਵਿਖੇ ਚੋਈ ਬਾਜ਼ਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਇਆ ਹੋਇਆ ਸੀ, ਨੂੰ ਇੱਕ ਨੌਜਵਾਨ ਵੱਲੋਂ ਘਰ ਤੋਂ ਬਾਹਰ ਬੁਲਾਇਆ ਗਿਆ, ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵੇਂ ਨੌਜਵਾਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ।

ਜਿਸਤੋਂ ਬਾਅਦ ਦੂਜੇ ਨੌਜਵਾਨ ਵੱਲੋਂ ਕਿਸੇ ਤੇਜ਼ਧਾਰ ਹਥਿਆਰ ਨਾਲ ਸੁਰਜੀਤ ਸਿੰਘ ਤੇ ਕਾਤਲਾਨਾ ਹਮਲਾ ਕੀਤਾ ਗਿਆ। ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸੁਰਜੀਤ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਮ੍ਰਿਤਕ ਦੇ ਸਹੁਰੇ ਸਰਦਾਰਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜੁਆਈ ਸੁਰਜੀਤ ਸਿੰਘ, ਉਸ ਦੀ ਪਤਨੀ ਅਤੇ 10 ਦਸ ਮਹੀਨੇ ਦਾ ਬੱਚਾ, ਉਹਨਾਂ ਕੋਲ ਛੁੱਟੀਆਂ ਕੱਟਣ ਆਏ ਸਨ ਤੇ ਅੱਜ ਅਚਾਨਕ ਇਹ ਘਟਨਾ ਵਾਪਰ ਗਈ।

ਇਸ ਮੌਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਤੇ ਡਿਊਟੀ ਤੇ ਤੈਨਾਤ ਡਾ. ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰਜੀਤ ਸਿੰਘ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਮੁੱਢਲੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਮਨਦੀਪ ਸਿੰਘ ਨਾਂ ਦਾ ਨੌਜਵਾਨ ਇਸ ਮਾਮਲੇ 'ਚ ਕਥਿਤ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਕਥਿਤ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।