ਨਾਭਾ (ਨੇਹਾ): ਨਾਭਾ ਵਿਚ ਬੀਤੀ ਦਿਨ ਵਾਪਰੇ ਪੁਲੀਸ ਹੌਲਦਾਰ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਇਸ ਮੌਕੇ ਪੁਲੀਸ ਨੇ ਚਾਰ ਜਣਿਆਂ ਨੂੰ ਨਾਮਜ਼ਦ ਕਰਕੇ ਅਤੇ ਬਾਕੀ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਨਾਮਜ਼ਦ ਮੁਲਜ਼ਮ ਨਾਭਾ ਦੇ ਬੌੜਾਂ ਗੇਟ ਨਜ਼ਦੀਕ ਵਾਲਮੀਕਿ ਬਸਤੀ ਦੇ ਵਸਨੀਕ ਹਨ। ਪੁਲੀਸ ਮੁਤਾਬਕ ਮਾਮੂਲੀ ਪੈਸਿਆਂ ਨੂੰ ਲੈ ਕੇ ਇਨ੍ਹਾਂ ਦੀ ਪੁਲੀਸ ਮੁਲਾਜ਼ਮ ਨਾਲ ਬਹਿਸ ਹੋਈ ਜਿਸ ਮਗਰੋਂ ਦੂਜੀ ਧਿਰ ਨੇ ਆਪਣੇ ਸਾਥੀ ਸੱਦ ਲਏ ਤੇ ਪੁਲੀਸ ਮੁਲਾਜ਼ਮ ਅਮਨਦੀਪ ਸਿੰਘ ਤੇ ਉਸ ਦੇ ਭਰਾ ਨਵਦੀਪ ਸਿੰਘ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਅਮਨਦੀਪ ਦੀ ਮੌਤ ਹੋ ਗਈ ਅਤੇ ਨਵਦੀਪ ਜ਼ਖਮੀ ਹੋ ਗਿਆ।
ਅੱਜ ਵਿਧਾਇਕ ਦੇਵ ਮਾਨ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮ੍ਰਿਤਕ ਦੇ ਪਿਤਾ ਨਾਲ ਫੋਨ ’ਤੇ ਗੱਲ ਕੀਤੀ। ਦੂਜੇ ਪਾਸੇ ਪੁਲੀਸ ਵੱਲੋਂ ਮੁਲਜ਼ਮਾਂ ਦੇ ਘਰਾਂ ਵਿਚ ਛਾਪੇਮਾਰੀ ਜਾਰੀ ਹੈ। ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਭਾਵੇਂ ਮ੍ਰਿਤਕ ਦਾ ਭਰਾ ਨਵਦੀਪ ਸਿੰਘ ਖਤਰੇ ਤੋਂ ਬਾਹਰ ਹੈ ਪਰ ਦਵਾਈਆਂ ਦੇ ਪ੍ਰਭਾਵ ਹੇਠ ਹੈ ਤੇ ਜ਼ਿਆਦਾ ਗੱਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਅਹਿਮ ਸੁਰਾਗ ਹੱਥ ਲੱਗੇ ਹਨ ਜਿਸ ਕਾਰਨ ਜਲਦ ਹੀ ਸਾਰੇ ਮੁਲਜ਼ਮ ਫ਼ੜ ਲਏ ਜਾਣਗੇ।



