ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਕਾਲਾ ਦਿਵਸ ਦੇ ਸੱਦੇ ‘ਤੇ ਨਰਿੰਦਰ ਮੋਦੀ ਦੀ ਅਰਥੀ ਸਾੜੀ

by vikramsehajpal

ਬੁਢਲਾਡਾ (ਕਰਨ) - ਅੱਜ ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) , ਆਲ ਇੰਡੀਆ ਕਿਸਾਨ ਸਭਾ ਪੰਜਾਬ , ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) , ਕੁੱਲ ਹਿੰਦ ਕਿਸਾਨ ਸਭਾ ਆਦਿ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਕਾਲਾ ਦਿਵਸ ਐਕਸ਼ਨ ਦੇ ਸੱਦੇ 'ਤੇ ਸ਼ਹਿਰ ਦੇ ਮੁੱਖ ਬਜ਼ਾਰ ਗੋਲ ਚੱਕਰ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜੀ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਆਗੂਆਂ ਸਤਪਾਲ ਸਿੰਘ ਬਰੇ, ਸਵਰਨਜੀਤ ਸਿੰਘ ਦਲਿਓ , ਜਗਦੇਵ ਸਿੰਘ ਚਕੇਰੀਆਂ, ਭੁਪਿੰਦਰ ਸਿੰਘ ਗੁਰਨੇ ਕਲਾਂ ਅਤੇ ਦੋਧੀ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਬਰੇ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਕੜਕਦੀ ਧੁੱਪ ਵਿੱਚ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ।

ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਜੁੜੇ ਇਕੱਠ ਨੂੰ ਉਪਰੋਕਤ ਆਗੂਆਂ ਤੋਂ ਬਿਨਾਂ ਨਛੱਤਰ ਸਿੰਘ ਅਹਿਮਦਪੁਰ , ਜਸਵੰਤ ਸਿੰਘ ਬੁਢਲਾਡਾ , ਮਲਕੀਤ ਸਿੰਘ ਮੰਦਰਾਂ , ਹਰਿੰਦਰ ਸਿੰਘ ਸੋਢੀ ਅਤੇ ਜਸਵੰਤ ਸਿੰਘ ਬੀਰੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦੀ ਬਰੂਹਾਂ 'ਤੇ ਕਿਸਾਨਾਂ ਨੂੰ ਬੈਠਿਆਂ ਛੇ ਮਹੀਨੇ ਹੋ ਗਏ ਹਨ ਪਰ ਮੋਦੀ ਸਰਕਾਰ ਦੀ ਜਨਤਾ ਦੀ ਚਿੰਤਾ ਨਾਲੋਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਦੀ ਲੁੱਟ-ਖਸੁੱਟ ਦਾ ਵੱਧ ਫਿੱਕਰ ਹੈ ਇਸੇ ਕਾਰਨ ਖੇਤੀ ਦੇ ਕਾਲੇ ਕਾਨੂੰਨਾਂ ਦੇ ਮਾਮਲੇ 'ਤੇ ਜਿੱਦ ਫੜੀ ਬੈਠੀ ਹੈ , ਜਿਸ ਤੋਂ ਸਾਫ ਅਤੇ ਸਪੱਸ਼ਟ ਹੈ ਕਿ ਮੋਦੀ ਸਰਕਾਰ ਇਨਾਂ ਘਰਾਣਿਆਂ ਅਤੇ ਸਾਮਰਾਜ ਦੀ ਕਠਪੁੱਤਲੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਨੇ ਅੱਜ ਆਪਣੇ ਰਾਜ ਭਾਗ ਦੇ ਸੱਤ ਸਾਲ ਵੀ ਪੂਰੇ ਕੀਤੇ ਹਨ , ਇਸ ਲੰਬੇ ਸਮੇਂ ਦੌਰਾਨ ਮੋਦੀ ਸਰਕਾਰ ਦਾ ਇੱਕ ਵੀ ਅਜਿਹਾ ਫੈਸਲਾ ਨਹੀਂ ਜੋ ਦੇਸ਼ ਦੇ ਕਿਸੇ ਵੀ ਵਰਗ ਨੂੰ ਰਾਹਤ ਦਿੰਦਾ ਹੋਵੇ। ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦਾ ਬੱਚਾ ਬੱਚਾ ਸਰਕਾਰ ਤੋਂ ਦੁੱਖੀ ਹੈ ਅਤੇ ਦੇਸ਼ ਭਾਜਪਾ ਤੋਂ ਮੁਕਤੀ ਲਈ ਤਤਪਰ ਹੈ।

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਕਾ. ਵੇਦ ਪਰਕਾਸ਼ ਸਾਬਕਾ ਐਮ.ਸੀ, ਜਵਾਲਾ ਸਿੰਘ ਗੁਰਨੇ ਖੁਰਦ, ਸੁਖਦੇਵ ਸਿੰਘ ਗੰਢੂ ਕਲਾਂ, ਬਾਰੂ ਸਿੰਘ ਮੱਲ ਸਿੰਘ ਵਾਲਾ, ਜਨਕ ਰਾਜ ਤੇਲੂ, ਕਾ.ਚਿਮਨ ਲਾਲ ਕਾਕਾ, ਗੁਰਪ੍ਰੀਤ ਸਿੰਘ ਗੁਰਨੇ ਕਲਾਂ, ਮਨਜੀਤ ਕੌਰ ਗਾਮੀਵਾਲਾ ਆਦਿ ਨੇ ਸੰਬੋਧਨ ਕੀਤਾ। ਇੰਨਕਲਾਬੀ ਗੀਤ ਚਿੜੀਆ ਸਿੰਘ ਗੁਰਨੇ ਕਲਾਂ ਨੇ ਪੇਸ ਕੀਤੇ।