ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

by jaskamal

ਨਿਊਜ਼ ਡੈਸਕ : ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਸਿੱਧੂ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਰਫ ਇਕ ਲਾਈਨ ਵਿਚ ਹੀ ਆਪਣਾ ਅਸਤੀਫਾ ਭੇਜਿਆ ਗਿਆ ਹੈ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਨਮੋਸ਼ੀ ਵਾਲੀ ਹਾਰ ਪਿੱਛੋਂ ਲਗਾਤਾਰ ਸਿੱਧੂ ਦੀ ਪ੍ਰਧਾਨਗੀ ਉਤੇ ਸਵਾਲ ਉਠਾਏ ਜਾ ਰਹੇ ਸਨ।

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਬਲਬੀਰ ਸਿੰਘ ਸਿੱਧੂ ਆਦਿ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ। ਕੁਝ ਆਗੂਆਂ ਨੇ ਸਿੱਧੂ ਤੋਂ ਅਸਤੀਫਾ ਲੈਣ, ਇਥੋਂ ਤੱਕ ਕਿ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਵੀ ਕੀਤੀ ਸੀ। ਪਰ ਅੱਜ ਸਵੇਰੇ ਸਿੱਧੂ ਨੇ ਆਪਣਾ ਅਸਤੀਫਾ ਹਾਈਕਮਾਨ ਨੂੰ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਹਾਲੀਆ ਅਸੈਂਬਲੀ ਚੋਣਾਂ ਵਿਚ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਵੱਡਾ ਫੈਸਲਾ ਲੈਂਦਿਆਂ ਪੰਜਾਬ ਸਣੇ ਪੰਜ ਰਾਜਾਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਮੰਗ ਲਏ ਸਨ।

ਕਾਂਗਰਸ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਦੇਰ ਸ਼ਾਮ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੇ ਕਾਂਗਰਸ ਪ੍ਰਧਾਨਾਂ ਤੋਂ ਅਸਤੀਫ਼ੇ ਮੰਗ ਲਏ ਹਨ ਤਾਂ ਜੋ ਕਾਂਗਰਸ ਦਾ ਪੁਨਰਗਠਨ ਕੀਤਾ ਜਾ ਸਕੇ।

ਕਾਂਗਰਸ ਹਾਈਕਮਾਨ ਅਸੈਂਬਲੀ ਚੋਣਾਂ ਵਿਚ ਮਿਲੀ ਹਾਰ ਮਗਰੋਂ ਪੰਜ ਸੂਬਿਆਂ ਵਿਚ ਵੱਡਾ ਫੇਰਬਦਲ ਕਰਨ ਦੇ ਰੌਂਅ ਵਿਚ ਹੈ। ਪੰਜਾਬ ਦੇ ਕਾਂਗਰਸੀ ਆਗੂਆਂ ਨੇ ਪ੍ਰਧਾਨਗੀ ਲਈ ਪਹਿਲਾਂ ਹੀ ਕਮਰ ਕੱਸ ਲਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਹਾਈਕਮਾਨ ਨੂੰ ਸਾਫ਼ ਕਰ ਚੁੱਕੇ ਹਨ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਾਰੇ ਜੋ ਵੀ ਫ਼ੈਸਲਾ ਲੈਣਾ ਹੈ, ਉਹ ਜਲਦ ਲਿਆ ਜਾਵੇ।