ਨਵਜੋਤ ਸਿੱਧੂ ਕਰਨਗੇ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਕਾਂਗਰਸ ਦਾ ਵਿਸ਼ਾਲ ਮਾਰਚ ਦੀ ਅਗਵਾਈ

by vikramsehajpal

ਮੋਹਾਲੀ (ਦੇਵ ਇੰਦਰਜੀਤ) : ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਵਲੋਂ ਵੀਰਵਾਰ ਨੂੰ ਵੱਡਾ ਮਾਰਚ ਕੱਢਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕੱਢਿਆ ਜਾਣ ਵਾਲਾ ਇਹ ਮਾਰਚ ਵੀਰਵਾਰ ਦੁਪਹਿਰ 12 ਵਜੇ ਮੋਹਾਲੀ ਤੋਂ ਸ਼ੁਰੂ ਹੋ ਕੇ ਲਖੀਮਪੁਰ ਖੀਰੀ ਤੱਕ ਜਾਵੇਗਾ।

ਇਸ ਮਾਰਚ ਵਿਚ ਕਾਂਗਰਸ ਦੇ ਵੱਡੇ ਲੀਡਰਾਂ ਦੀ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ। ਨਵਜੋਤ ਸਿੱਧੂ ਵੱਡੇ ਕਾਫਲੇ ਨਾਲ 650 ਤੋਂ ਵੱਧ ਕਿਲੋਮੀਟਰ ਦਾ ਸਫਰ ਤੈਅ ਕਰਕੇ ਲਖੀਮਪੁਰ ਖੀਰੀ ਪਹੁੰਚਣਗੇ। ਉਂਝ ਯੂ.ਪੀ. ਪ੍ਰਸ਼ਾਸਨ ਨੇ ਲਖੀਮਪੁਰ ਖੀਰੀ ਲਈ ਮਹਿਜ਼ ਪੰਜ ਵਿਅਕਤੀਆਂ ਦੇ ਹਫ਼ਦ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ ਅਜਿਹੇ ਵਿਚ ਜੇਕਰ ਸਿੱਧੂ ਵੱਡੇ ਕਾਫਲੇ ਨਾਲ ਲਖੀਮਪੁਰ ਪਹੁੰਚਦੇ ਹਨ ਤਾਂ ਸੁਭਾਵਕ ਹੈ ਕਿ ਉਨ੍ਹਾਂ ਦਾ ਰਾਹ ਪ੍ਰਸ਼ਾਸਨ ਵਲੋਂ ਜ਼ਰੂਰ ਡੱਕਿਆ ਜਾਵੇਗਾ।

ਲਖੀਮਪੁਰ ਖੀਰੀ ਵਿਚ ਵਾਪਰੀ ਹਿੰਸਾ ਤੋਂ ਬਾਅਦ ਪੀੜਤ ਪਰਿਵਾਰਾਂ ਮਿਲਣ ਜਾ ਰਹੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਯੂ. ਪੀ. ਪੁਲਸ ਨੇ ਪਹਿਲਾਂ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਉਸ ਦੀ ਗ੍ਰਿਫ਼ਤਾਰੀ ਦਿਖਾਉਂਦੇ ਹੋਏ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।

ਇਸ ’ਤੇ ਸਿੱਧੂ ਵਲੋਂ ਲਗਾਤਾਰ ਭਾਜਪਾ ਅਤੇ ਯੂ. ਪੀ. ਸਰਕਾਰ ਖ਼ਿਲਾਫ਼ ਹਮਲੇ ਬੋਲੇ ਜਾ ਰਹੇ ਸਨ। ਸਿੱਧੂ ਨੇ ਸਾਫ ਕਿਹਾ ਸੀ ਕਿ ਜੇਕਰ ਪ੍ਰਿਯੰਕਾ ਗਾਂਧੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਯੂ. ਪੀ. ਵੱਲ ਕੂਚ ਕਰੇਗੀ।

ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਇਸ ਕਤਲ ਕਾਂਡ ਵਿਚ ਸ਼ਾਮਲ ਮੰਤਰੀ ਦੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਇਸ ਦਰਮਿਆਨ ਭਾਵੇਂ ਬੁੱਧਵਾਰ ਨੂੰ ਪ੍ਰਿਯੰਕਾ ਗਾਂਧੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਬਾਵਜੂਦ ਇਸ ਦੇ ਨਵਜੋਤ ਸਿੱਧੂ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦਾ ਵਿਰੋਧ ਵਿਚ ਵੱਡਾ ਮਾਰਚ ਕੱਢਣਗੇ।