ਕਿਸਾਨ ਅੰਦੋਲਨ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਨੇ ਖਦਸ਼ਾ ਪ੍ਰਗਟਾਇਆ…

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ )- ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਖਦਸ਼ਾ ਪ੍ਰਗਟਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਨਾਂ ’ਤੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ।

ਉਨ੍ਹਾਂ ਆਪਣੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ ’ਤੇ ਲਿਖਿਆ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੇ ਪ੍ਰਬੰਧ ਦੀ ਕੋਈ ਸਮੱਸਿਆ ਨਹੀਂ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਮੁੱਦੇ ਨੂੰ ਲੈ ਕੇ ਸੂਬੇ ’ਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਭ ਤੋਂ ਪਹਿਲੀ ਚਿੰਤਾ ਦਿੱਲੀ ਦੀਆਂ ਹੱਦਾਂ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਮਰ ਰਹੇ ਕਿਸਾਨਾਂ ਦੀ ਜਾਨ ਬਚਾਉਣ ਦੀ ਹੋਣੀ ਚਾਹੀਦੀ ਹੈ ਪਰ ਸਰਕਾਰ ਇਸ ਪਾਸੇ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਇਸ ਪਾਸੇ ਸਰਕਾਰ ਪੰਜਾਬੀਆਂ ਨੂੰ ਦੇਸ਼ ਵਿਰੋਧੀ ਆਖ ਕੇ ਲੋਕਾਂ ਦੀ ਆਵਾਜ਼ ਦਬਾਉਣ ਦਾ ਯਤਨ ਦਰ ਰਹੀ ਹੈ ਤੇ ਦੂਜੇ ਪਾਸੇ ਰਿਲਾਇੰਸ ਵਰਗੇ ਵੱਡੇ ਘਰਾਣਿਆਂ ਦੇ ਵਪਾਰਕ ਹਿੱਤ ਬਚਾਉਣ ਦੇ ਯਤਨ ਕਰ ਰਹੀ ਹੈ। ਅਜੋਕੀ ਸਥਿਤੀ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਭਾਜਪਾ ਨੇ ਰਾਜਪਾਲ ਨੂੰ ਸ਼ਿਕਾਇਤ ਕਰਕੇ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਬਦਤਰ ਹੋਣ ਦਾ ਦੋਸ਼ ਲਾਇਆ ਸੀ। ਇਸੇ ਮਾਮਲੇ ਵਿੱਚ ਰਾਜਪਾਲ ਨੇ ਸੂਬੇ ਦੇ ਅਧਿਕਾਰੀਆਂ ਨੂੰ ਨੋਟਿਸ ਭੇਜਿਆ ਗਿਆ ਸੀ। ਇਸ ਮਾਮਲੇ ਵਿੱਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਆਖਿਆ ਸੀ ਕਿ ਰਾਜਪਾਲ ਨੂੰ ਸਰਕਾਰ ਦੇ ਅਧਿਕਾਰੀਆਂ ਦੀ ਥਾਂ ਮੁੱਖ ਮੰਤਰੀ ਨਾਲ ਇਸ ਸਬੰਧੀ ਗੱਲ ਕਰਨੀ ਚਾਹੀਦੀ ਹੈ।