NCB ਦੀ ਵੱਡੀ ਕਾਰਵਾਈ; ਜਲ ਸੈਨਾ ਦੀ ਮਦਦ ਨਾਲ 2,000 ਕਰੋੜ ਦੀ ਡਰੱਗਜ਼ ਬਰਾਮਦ

by jaskamal

ਨਿਊਜ਼ ਡੈਸਕ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਭਾਰਤੀ ਸਮੁੰਦਰੀ ਫੌਜ ਦੀ ਮਦਦ ਨਾਲ ਨਸ਼ੀਲੀਆਂ ਵਸਤਾਂ ਵਿਰੋਧੀ ਵਿੱਢੇ ਆਪ੍ਰੇਸ਼ਨ ’ਚ ਵੱਡੀ ਸਫਲਤਾ ਹਾਸਲ ਕਰਦਿਆਂ 2,000 ਕਰੋੜ ਰੁਪਏ ਦੀ ਕੀਮਤ ਦੀਆਂ ਨਸ਼ੀਲੀਆਂ ਵਸਤਾਂ ਜ਼ਬਤ ਕੀਤੀਆਂ ਹਨ। ਸਮੁੰਦਰੀ ਫੌਜ ਦੇ ਇਕ ਬੁਲਾਰੇ ਨੇ ਸ਼ਨੀਵਾਰ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਰਤੀ ਸਮੁੰਦਰੀ ਫੌਜ ਦੇ ਸਰਗਰਮ ਸਹਿਯੋਗ ਨਾਲ ਸਮੁੰਦਰ ’ਚ ਇਕ ਵਧੀਆ ਢੰਗ ਵਾਲੇ ਸਾਂਝੇ ਬਹੁ ਏਜੰਸੀ ਆਪ੍ਰੇਸ਼ਨ ’ਚ 800 ਕਿਲੋ ਨਸ਼ੀਲੀਆਂ ਵਸਤਾਂ ਜ਼ਬਤ ਕੀਤੀਆਂ। ਐੱਨ.ਸੀ.ਬੀ. ਨੇ ਪੂਰੇ ਦੇਸ਼ ਵਿਚ ਡਾਰਕਨੈੱਟ ਦੇ ਨਾਂ ਹੇਠ ਸਰਗਰਮ ਡਰੱਗ ਸਮਗਲਿੰਗ ਦੇ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਪਿਛਲੇ 4 ਮਹੀਨਿਆਂ ’ਚ 22 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਦਿੱਲੀ-ਐੱਨ ਸੀ ਆਰ., ਕੋਲਕਾਤਾ, ਆਸਾਮ ਅਤੇ ਪੱਛਮੀ ਬੰਗਾਲ ’ਚ ਕੀਤੀਆਂ ਗਈਆਂ ਹਨ।

ਇਸ ਗੱਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਨਸ਼ੀਲਾ ਪਦਾਰਥ ਪਾਕਿਸਤਾਨ ’ਚ ਹੀ ਜਹਾਜ਼ਾਂ ’ਚ ਭਰਿਆ ਗਿਆ ਹੈ। ਐੱਨ. ਸੀ. ਬੀ. ਨੇ ਕਿਹਾ ਕਿ ਇਹ ਪਹਿਲਾ ਅਜਿਹਾ ਆਪਰੇਸ਼ਨ ਹੈ, ਜਿਸ ’ਚ ਸਮੁੰਦਰ ਦੇ ਵਿਚੋਂ-ਵਿਚ ਕਾਰਵਾਈ ਕੀਤੀ ਗਈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ ਅਤੇ ਜਲ ਸੈਨਾ ਦੀ ਖੁਫੀਆ ਇਕਾਈ ਨਾਲ ਸਾਂਝੀ ਕੀਤੀ ਗਈ। ਜਿਸ ਤੋਂ ਬਾਅਦ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ। ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਦੀ ਬਰਾਮਦਗੀ ਤੋਂ ਬਾਅਦ ਉਸ ਨੂੰ ਗੁਜਰਾਤ ਦੇ ਪੋਰਬੰਦਰ ਤੱਟ ’ਤੇ ਲਿਜਾਇਆ ਗਿਆ।

ਸੂਤਰਾਂ ਮੁਤਾਬਕ ਨਸ਼ੀਲੀਆਂ ਵਸਤਾਂ ਦੀ ਖਰੀਦ ਲਈ ਕ੍ਰਿਪਟੋਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚ ਇਕ ਸਾਫਟਵੇਅਰ ਇੰਜੀਨੀਅਰ, ਇਕ ਵਿੱਤੀ ਵਿਸ਼ੇਸ਼ਕ, ਇਕ ਐੱਮਬੀਏ ਗ੍ਰੈਜੂਏਟ ਤੇ 4 ਔਰਤਾਂ ਵੀ ਸ਼ਾਮਲ ਹਨ।ਐੱਨਸੀਬੀ ਨੇ ਦਿੱਲੀ-ਐੱਨ ਸੀ ਆਰ, ਗੁਜਰਾਤ, ਕਰਨਾਟਕ, ਆਸਾਮ, ਪੰਜਾਬ, ਝਾਰਖੰਡ, ਪੱਛਮੀ ਬੰਗਾਲ ਅਤੇ ਰਾਜਸਥਾਨ ਵਿਚ 4 ਮਹੀਨੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਲੁਕੀ ਹੋਈ ਵੈੱਬ ਦੁਨੀਆ ’ਤੇ ਚੱਲ ਰਹੀਆਂ ਤਿੰਨ ਵੱਡੀਆਂ ਡਰੱਗ ਮਾਰਕੀਟਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਡਰੱਗ ਮਾਰਕੀਟਾਂ ਦੇ ਨਾਂ ‘ਡੀਐੱਨਐੱਮ ਇੰਡੀਆ’, ‘ਡ੍ਰੇਡ’ ਅਤੇ ‘ਦਿ ਓਰੀਐਂਟ ਐਕਸਪ੍ਰੈਸ’ ਹਨ।