ਕੈਨੇਡਾ ਪਰਤਣ ਵਾਲੇ ਨਾਗਰਿਕਾਂ ਜਾਂ ਕੌਮਾਂਤਰੀ ਟਰੈਵਲਰਜ਼ ਨੂੰ ਆਪਣੇ ਖਰਚੇ ਉੱਤੇ ਹੋਣਾ ਪਵੇਗਾ ਹੋਟਲ ਵਿੱਚ ਕੁਆਰਨਟੀਨ

by vikramsehajpal

ਟੋਰਾਂਟੋ, (ਦੇਵ ਇੰਦਰਜੀਤ)- ਕੈਨੇਡਾ ਪਰਤਣ ਵਾਲੇ ਨਾਗਰਿਕਾਂ ਜਾਂ ਕੌਮਾਂਤਰੀ ਟਰੈਵਲਰਜ਼ ਨੂੰ ਆਪਣੇ ਖਰਚੇ ਉੱਤੇ ਹੋਟਲ ਦੇ ਕਮਰਿਆਂ ਵਿੱਚ ਕੁਆਰਨਟੀਨ ਕਰਨ ਸਬੰਧੀ ਨਵੀਂਆਂ ਪਾਬੰਦੀਆਂ ਜਲਦ ਹੀ ਪ੍ਰਭਾਵੀ ਹੋਣ ਵਾਲੀਆਂ ਹਨ। ਇਹ ਖੁਲਾਸਾ ਟਰਾਂਸਪੋਰਟ ਮੰਤਰੀ ਦੇ ਬੁਲਾਰੇ ਨੇ ਕੀਤਾ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਵਾਈ ਜਹਾਜ਼ ਵਿੱਚ ਸਫਰ ਕਰਨ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦੇਣ ਦੇ ਨਾਲ ਨਾਲ ਇਹ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਨੋਵਲ ਕਰੋਨਾਵਾਇਰਸ ਦੇ ਵੇਰੀਐਂਟਸ ਨੂੰ ਵੀ ਠੱਲ੍ਹ ਪਵੇਗੀ। ਇਨ੍ਹਾਂ ਨਿਯਮਾਂ ਤਹਿਤ ਹਵਾਈ ਸਫਰ ਰਾਹੀਂ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਮਨਜ਼ੂਰਸ਼ੁਦਾ ਹੋਟਲ ਵਿੱਚ 3 ਦਿਨ ਲਈ ਠਹਿਰਣਾ ਹੋਵੇਗਾ, ਉਦੋਂ ਤੱਕ ਜਦੋਂ ਤੱਕ ਏਅਰਪੋਰਟ ਉੱਤੇ ਲਿਆ ਗਿਆ ਉਨ੍ਹਾਂ ਦਾ ਕੋਵਿਡ-19 ਟੈਸਟ ਨੈਗੇਟਿਵ ਨਹੀਂ ਆ ਜਾਂਦਾ। ਉਨ੍ਹਾਂ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਫੈਸਲਾ ਲਾਗੂ ਹੋ ਜਾਵੇਗਾ।

ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਦੇ ਬੁਲਾਰੇ ਨੇ ਆਖਿਆ ਕਿ ਇਸ ਸਬੰਧ ਵਿੱਚ ਤਰੀਕ ਦਾ ਐਲਾਨ ਅਜੇ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਆਖਿਆ ਕਿ ਕੌਮਾਂਤਰੀ ਉਡਾਨਾਂ ਦਾ ਰੂਟ ਦੁਬਾਰਾ 3 ਫਰਵਰੀ ਨੂੰ ਤੈਅ ਕੀਤਾ ਜਾਵੇਗਾ।ਹੋਟਲ ਵਿਖੇ ਕੁਆਰਨਟੀਨ ਕੀਤੇ ਜਾਣ ਨਾਲ ਹਰੇਕ ਟਰੈਵਲਰ ਦੀ ਜੇਬ੍ਹ ਉੱਤੇ 2000 ਡਾਲਰ ਦਾ ਬੋਝ ਪਵੇਗਾ।