ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌਡ਼ਾਂ ਨਾਲ ਹਰਾ ਵਰਲਡ ਕੱਪ ‘ਚੋਂ ਕੀਤਾ ਬਾਹਰ

by mediateam

ਮੈਨਚੈਸਟਰ (ਵਿਕਰਮ ਸਹਿਜਪਾਲ) : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ 10 ਜੁਲਾਈ ਰਿਜ਼ਰਵ ਡੇ ਵਿਚ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਗੁਆ ਕੇ ਭਾਰਤ ਅੱਗੇ 240 ਦੌਡ਼ਾਂ ਦਾ ਟੀਚਾ ਰੱਖਿਆ ਜਿੱਥੇ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ 18 ਦੌਡ਼ਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਭਾਰਤ ਦਾ ਵਰਲਡ ਕੱਪ 2019 ਦਾ ਸਫਰ ਖਤਮ ਹੋਇਆ ਅਤੇ ਨਿਊਜ਼ੀਲੈਂਡ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ। 


ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਜੋਡ਼ੀ ਭਾਰਤ ਲਈ ਸਿਰਫ 4 ਦੌਡ਼ਾਂ ਹੀ ਜੋਡ਼ ਸਕੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਿਰਫ ਇਕ ਦੌਡ਼ ਬਣਾ ਕੇ ਮੈਟ ਹੈਨਰੀ ਦੀ ਗੇਂਦ 'ਤੇ ਟਾਮ ਲੈਥਮ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵਿਰਾਟ ਕੋਹਲੀ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਅਤੇ ਸਿਰਫ 1 ਦੌਡ਼ ਬਣਾ ਪਵੇਲੀਅਨ ਪਰਤ ਗਏ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਡਿਗਦੀ ਦਿਸੀ। ਦੂਜੇ ਸਲਾਮੀ ਬੱਲੇਬਾਜ਼ ਰਾਹੁਲ 1 ਦੌਡ਼, ਦਿਨੇਸ਼ ਕਾਰਤਿਕ 6, ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਨੇ ਹਾਲਾਂਕਿ ਟੀਮ ਦਾ ਸਕੋਰ ਅੱਗੇ ਵਧਾਉਣ ਲਈ ਚੰਗਾ ਯੋਗਦਾਨ ਦਿੱਤਾ ਅਤੇ ਦੋਵੇਂ 32 ਦੌਡ਼ਾਂ ਦੇ ਨਿਜੀ ਸਕੋਰ 'ਤੇ ਆਊਟ ਹੋਏ। 


ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ ਅਤੇ ਇਸ ਦੌਰਾਨ ਜਡੇਜਾ ਨੇ ਆਪਣਾ ਅਰਧ ਸੈਂਕਡ਼ਾ ਵੀ ਪੂਰਾ ਕੀਤਾ ਪਰ ਜਡੇਜਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ 77 ਦੌਡ਼ਾਂ ਬਣਾ ਟ੍ਰੈਂਟ ਬੋਲਟ ਦੀ ਗੇਂਦ 'ਤੇ ਕੇਨ ਵਿਲੀਅਮਸਨ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਧੋਨੀ ਵੀ 50 ਦੇ ਨਿਜੀ ਸਕੋਰ 'ਤੇ ਰਨਆਊਟ ਹੋ ਗਏ। ਧੋਨੀ ਦੇ ਆਊਟ ਹੋਣ ਤੋਂ ਬਾਅਦ ਭਾਰਤ ਲਈ ਖੇਡ ਸਿਰਫ ਰਸਮੀ ਰਹਿ ਗਈ। ਭੁਵਨੇਸ਼ਵਰ ਜ਼ੀਰੋ ਅਤੇ ਚਾਹਲ 5 ਦੌਡ਼ਾਂ ਬਣਾ ਆਊਟ ਹੋਏ ਅਤੇ ਟੀਮ ਨੂੰ 18 ਦੌਡ਼ਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਿਜ਼ਰਵ ਡੇ 'ਤੇ ਖਿੱਚੀ ਪਾਰੀ ਵਿਚ ਨਿਊਜ਼ੀਲੈਂਡ ਦਿਨ ਦੀ ਸ਼ੁਰੂਆਤ ਵਿਚ ਕੁਝ ਖਾਸ ਨਾ ਕਰ ਸਕਿਆ ਅਤੇ ਸੈੱਟ ਬੱਲੇਬਾਜ਼ ਰੌਸ ਟੇਰਲ ਆਪਣੀ ਪਾਰੀ ਵਿਚ 7 ਦੌਡ਼ਾਂ ਹੀ ਜੋਡ਼ ਸਕੇ ਅਤੇ 74 ਦੌਡ਼ਾਂ ਬਣਾ ਆਊਟ ਹੋ ਗਏ। ਇਸ ਤੋਂ ਬਾਅਦ ਸਾਥੀ ਬੱਲੇਬਾਜ਼ ਟਾਮ ਲੈਥਮ ਵੀ 10 ਦੌਡ਼ਾਂ ਦੇ ਨਿਜੀ ਸਕੋਰ 'ਤੇ ਆਪਣਾ ਵਿਕਟ ਗੁਆ ਬੈਠੇ। ਭਾਰਤ ਨੂੰ 8ਵੀਂ ਸਫਲਤਾ ਮੈਟ ਹੈਨਰੀ (1) ਦੇ ਰੂਪ ਵਿਚ ਭੁਵਨੇਸ਼ਵਰ ਕੁਮਾਰ ਨੇ ਦਿਵਾਈ।