ਨਿਊਜੀਲੈਂਡ ਮਸਜਿਦ ਹਮਲਾ : ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪਣ ਦਾ ਕੰਮ ਸ਼ੁਰੂ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਇਕ ਬਿਆਨ ਜਾਰੀ ਕੀਤਾ। ਇਸ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਅੱਤਵਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਰਡਰਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹਮਲਾਵਰ ਬ੍ਰੇਂਟਨ ਟੈਰੇਂਟ ਨੂੰ ਹਿਰਾਸਤ ਵਿਚ ਸਖਤ ਸੁਰੱਖਿਆ ਵਿਚਕਾਰ ਰੱਖਿਆ ਗਿਆ ਹੈ। ਪੀ.ਐੱਮ. ਜੈਸਿੰਡਾ ਨੇ ਇਹ ਵੀ ਕਿਹਾ ਕਿ ਸੋਮਵਾਰ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਚ ਵਾਧੂ 120 ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। 


ਸਾਰੀਆਂ ਮਸਜਿਦਾਂ ਵਿਚ ਪੁਲਸ ਦੀ ਗਸ਼ਤ ਵਧਾ ਦਿੱਤੀ ਜਾਵੇਗੀ। ਕ੍ਰਾਈਸਟਚਰਚ ਦੇ ਸਕੂਲਾਂ ਅਤੇ ਐਲਮੈਂਟਰੀ ਸਿੱਖਿਆ ਕੇਂਦਰਾਂ ਵਿਚ ਮਾਹਰ ਦਲ ਤਾਇਨਾਤ ਕੀਤੇ ਜਾਣਗੇ। ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸੰਸਦ ਵਿਚ ਮੰਗਲਵਾਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਅਰਡਰਨ ਨੇ ਹਮਲਿਆਂ ਦੇ ਬਾਅਦ ਤੇਜ਼ੀ ਨਾਲ ਕਾਰਵਾਈ ਕਰਨ ਲਈ ਪੁਲਸ, ਹਸਪਤਾਲਾਂ, ਸਭ ਤੋਂ ਪਹਿਲਾਂ ਮਦਦ ਪਹੁੰਚਾਉਣ ਵਾਲਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।  ਉਨ੍ਹਾਂ ਨੇ ਕਿਹਾ ਕਿ ਉਹ ਅਕਾਦਮਿਕ ਦੇ ਸੁਝਾਅ ਮੁਤਾਬਕ ਬੰਦੂਕਾਂ ਦੀ ਵਿਕਰੀ ਅਤੇ ਵਿਗਿਆਪਨ 'ਤੇ ਰੋਕ ਨਹੀਂ ਲਗਾਏਗੀ। ਦਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਇਕ ਬੰਦੂਕਧਾਰੀ ਨੇ ਨਿਊਜ਼ੀਲੈਂਡ ਵਿਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ, ਜਿਸ ਵਿਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ।