ਲੁਧਿਆਣਾ ਬੰਬ ਧਮਾਕਾ ਮਾਮਲੇ ‘ਚ NIA ਵੱਲੋਂ ਛਾਪੇਮਾਰੀ; ਮਿਲ ਸਕਦੈ ਵੱਡਾ ਸੁਰਾਗ

by jaskamal

ਨਿਊਜ਼ ਡੈਸਕ : ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਬੰਬ ਧਮਾਕੇ ਦੇ ਮੁੱਖ ਦੋਸ਼ੀ ਗਗਨਦੀਪ ਦੇ ਖੰਨਾ 'ਚ ਗੁਰੂ ਤੇਗ ਬਹਾਦਰ ਨਗਰ ਸਥਿਤ ਪੁਰਾਣੇ ਘਰ 'ਚ ਐੱਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਹਾਲੇ ਜਾਰੀ ਹੈ ਤੇ ਕਿਸੇ ਨੂੰ ਵੀ ਇੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਗਗਨਦੀਪ ਨਵੇਂ ਮਕਾਨ 'ਚ ਸ਼ਿਫਟ ਹੋਣ ਤੋਂ ਪਹਿਲਾਂ ਪਰਿਵਾਰ ਨਾਲ ਇਸੇ ਘਰ 'ਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਕੁੱਝ ਸਾਲਾਂ ਤੋਂ ਇਹ ਮਕਾਨ ਬੰਦ ਹੀ ਸੀ। ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਐੱਨਆਈਏ ਦੀ ਟੀਮ ਦਾ ਇਸ ਤਰ੍ਹਾਂ ਅਚਾਨਕ ਇਸ ਬੰਦ ਘਰ 'ਚ ਛਾਪੇਮਾਰੀ ਕਰਨਾ ਕਿਸੇ ਵੱਡੇ ਸੁਰਾਗ ਵੱਲ ਇਸ਼ਾਰਾ ਕਰ ਰਿਹਾ ਹੈ। ਫਿਲਹਾਲ ਛਾਪੇਮਾਰੀ ਬਾਰੇ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਪਿਛਲੇ ਦਿਨੀਂ ਖੰਨਾ ਸਦਰ ਥਾਣਾ ਦੇ ਸਾਬਕਾ ਮੁਨਸ਼ੀ ਗਗਨਦੀਪ ਵੱਲੋਂ ਲੁਧਿਆਣਾ ਕੋਰਟ ਕੰਪਲੈਕਸ 'ਚ ਬੰਬ ਧਮਾਕਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ ਮੁੱਖ ਮੁਲਜ਼ਮ ਗਗਨਦੀਪ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਐੱਨਆਈਏ ਦੀ ਟੀਮ ਨੇ ਗਗਨਦੀਪ ਦੇ ਪਰਿਵਾਰ ਤੋਂ ਇਲਾਵਾ ਉਸ ਦੀ ਮਹਿਲਾ ਮਿੱਤਰ ਪੁਲਸ ਮੁਲਾਜ਼ਮ ਤੋਂ ਵੀ ਪੁੱਛਗਿੱਛ ਕੀਤੀ ਸੀ ਪਰ ਇਸ ਸਾਰੀ ਜਾਂਚ 'ਚ ਕਿਤੇ ਵੀ ਉਸ ਦੇ ਪੁਰਾਣੇ ਘਰ ਦਾ ਜ਼ਿਕਰ ਨਹੀਂ ਆਇਆ ਸੀ।