ਮਿਆਂਮਾਰ ਵਿਚ ਫ਼ੌਜੀ ਤਖ਼ਤਾ ਪਲਟ ਪ੍ਰਦਰਸ਼ਨ ਦੋਰਾਨ ਸੁਰੱਖਿਆ ਬਲਾਂ ਦੀ ਫਾਇਰਿੰਗ ‘ਚ 9 ਲੋਕਾਂ ਦੀ ਮੌਤ

by vikramsehajpal

ਮਿਆਂਮਾਰ,(ਦੇਵ ਇੰਦਰਜੀਤ) :ਮਿਆਂਮਾਰ ਸੜਕਾਂ 'ਤੇ ਉਤਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਮੁੜ ਫਾਇਰਿੰਗ ਕੀਤੀ। ਇਸ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਸ ਦੇਸ਼ ਵਿਚ ਇਕ ਫਰਵਰੀ ਨੂੰ ਹੋਏ ਤਖ਼ਤਾ ਪਲਟ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਹੁਣ ਤਕ 233 ਲੋਕਾਂ ਦੀ ਮੌਤ ਹੋਈ ਹੈ। ਉਧਰ, ਇੰਡੋਨੇਸ਼ੀਆ ਨੇ ਮਿਆਂਮਾਰ ਦੀ ਫ਼ੌਜ ਨੂੰ ਹਿੰਸਾ ਬੰਦ ਕਰਨ ਅਤੇ ਲੋਕਤੰਤਰ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਇਸ ਤਰ੍ਹਾਂ ਦੀ ਅਪੀਲ ਕਰ ਚੁੱਕੇ ਹਨ।

ਮੱਧ ਮਿਆਂਮਾਰ ਦੇ ਓਂਗਬਨ ਸ਼ਹਿਰ ਵਿਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾਉਣ ਦਾ ਯਤਨ ਕੀਤਾ। ਇਸ ਦੌਰਾਨ ਹੋਈ ਝੜਪ ਵਿਚ ਸੁਰੱਖਿਆ ਬਲਾਂ ਨੇ ਫਾਇਰਿੰਗ ਕਰ ਦਿੱਤੀ। ਓਂਗਬਨ ਦੇ ਅੰਤਿਮ ਸਸਕਾਰ ਸੇਵਾ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਠ ਲੋਕਾਂ ਦੀ ਮੌਤ ਹੋਈ। ਪੱਛਮ-ਉੱਤਰ ਲੋਈਕਾਵ ਸ਼ਹਿਰ ਵਿਚ ਵੀ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਈ। ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਸਮੇਤ ਕਈ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ, ਸੱਤਾ ਤੋਂ ਲਾਂਭੇ ਕੀਤੀ ਗਈ ਸਰਬੋਤਮ ਨੇਤਾ ਆਂਗ ਸਾਨ ਸੂ ਕੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੇ ਬੁਲਾਰੇ ਨੂੰ ਗਿਰਫ੍ਤਾਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਫ਼ੌਜ ਇਕ ਫਰਵਰੀ ਨੂੰ ਐੱਨਐੱਲਡੀ ਦੀ ਸਰਕਾਰ ਦਾ ਤਖ਼ਤਾ ਪਲਟ ਕਰ ਕੇ ਸੱਤਾ 'ਤੇ ਕਾਬਜ਼ ਹੋ ਗਈ। ਤਦ ਤੋਂ ਆਂਗ ਸਾਨ ਸੂ ਕੀ ਸਮੇਤ ਕਈ ਚੋਟੀ ਦੇ ਨੇਤਾ ਹਿਰਾਸਤ ਵਿਚ ਹਨ। ਆਂਗ ਸਾਨ ਸੂ ਕੀ 'ਤੇ ਰਿਸ਼ਵਤ ਲੈਣ ਅਤੇ ਨਾਜਾਇਜ਼ ਤੌਰ 'ਤੇ ਸੰਚਾਰ ਉਪਕਰਨ ਦਰਾਮਦ ਕਰਨ ਦੇ ਦੋਸ਼ ਲਗਾਏ ਗਏ ਹਨ।