ਜਲੰਧਰ : ਪਰਿਵਾਰ ਦੀਆਂ ਨੌਂ 'ਚੋਂ ਸਿਰਫ ਪੰਜ ਵੋਟਾਂ ਪਾਉਣ ਦਾ ਪਤਾ ਲੱਗਣ 'ਤੇ ਮਤਗਣਨਾ ਕੇਂਦਰ 'ਚ ਰੋਣ ਵਾਲੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਅਸਲ 'ਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਸਬਕ ਸਿਖਾਉਣ ਲਈ ਚੋਣ ਲੜੇ ਸਨ। ਨੀਟੂ ਨੇ ਕਿਹਾ ਕਿ ਉਹ ਚੌਧਰੀ ਦੇ ਫੈਨ ਹਨ। 20 ਦਿਨ ਪਹਿਲਾਂ ਸੰਸਦ ਮੈਂਬਰ ਚੌਧਰੀ ਕਿਸੇ ਪਿੰਡ ਆਏ ਸਨ। ਉਨ੍ਹਾਂ ਨੂੰ ਪਤਾ ਲੱਗਿਆ ਤਾਂ ਇਕ ਦੋਸਤ ਨਾਲ ਮੋਟਰਸਾਈਕਲ 'ਚ ਡੇਢ ਸੌ ਦਾ ਪੈਟਰੋਲ ਪਵਾ ਕੇ ਉਹ ਉੱਥੇ ਪਹੁੰਚੇ ਸਨ। ਉੱਥੇ ਚੌਧਰੀ ਨੇ ਉਨ੍ਹਾਂ ਨਾਲ ਗੱਲ ਕੀਤੀ, ਪਰ ਜਦੋਂ ਸੈਲਫੀ ਲੈਣ ਲੱਗੇ ਤਾਂ ਚੌਧਰੀ ਦੇ ਬੰਦੇ ਨੇ ਹੱਥ ਮਾਰ ਕੇ ਫੋਨ ਜ਼ਮੀਨ 'ਤੇ ਸੁੱਟ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਗੁੱਸਾ ਆਇਆ।ਨੀਟੂ ਨੇ ਕਿਹਾ ਕਿ ਉਨ੍ਹਾਂ ਸੋਚਿਆ ਕਿ ਉਹ ਗਰੀਬ ਹੈ, ਇਸ ਲਈ ਉਨ੍ਹਾਂ ਅਜਿਹਾ ਵਰਤਾਅ ਕੀਤਾ। ਉੱਥੋਂ ਉਹ ਵਾਪਸ ਘਰ ਆਏ ਤਾਂ ਪਰਿਵਾਰ ਤੇ ਨੌਜਵਾਨਾਂ ਨਾਲ ਚਰਚਾ ਕਰ ਕੇ ਲੋਕ ਸਭਾ ਚੋਣ ਲੜਨ ਦਾ ਫ਼ੈਸਲਾ ਕੀਤਾ। ਪਰਿਵਾਰ ਨੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਹੀ ਵੋਟ ਪਾਉਣਗੇ।
ਗਲੀ ਵਾਲਿਆਂ ਨੇ ਕਿਹਾ ਕਿ ਉਸ ਦੇ ਹੱਕ 'ਚ ਮਤਦਾਨ ਕਰਨਗੇ। ਚੋਣ ਲੜਨਾ ਹੈਸੀਅਤ ਤੋਂ ਬਾਹਰ ਸੀ ਕਿਉਂਕਿ ਸਿਰ 'ਤੇ ਚਾਰ ਲੱਖ ਦਾ ਕਰਜ਼ ਸੀ, ਫਿਰ ਵੀ ਵਿਆਜ 'ਤੇ 50 ਹਜ਼ਾਰ ਰੁਪਏ ਲਏ ਤੇ ਨਾਮਜ਼ਦਗੀ ਭਰ ਦਿੱਤੀ। ਨੀਟੂ ਨੇ ਕਿਹਾ ਕਿ ਉਹ ਸੰਸਦ ਮੈਂਬਰ ਬਣ ਕੇ ਸਾਰਿਆਂ ਨਾਲ ਫੋਟੋ ਵੀ ਖਿਚਵਾਉਣਗੇ, ਕਿਸੇ ਨੂੰ ਮਨ੍ਹਾਂ ਨਹੀਂ ਕਰਨਗੇ।ਨੀਟੂ ਨੇ ਕਿਹਾ ਕਿ ਜਦੋਂ ਪਹਿਲੇ ਗੇੜ ਦੀ ਗਿਣਤੀ ਹੋਈ ਤਾਂ ਇਹ ਦੇਖ ਕੇ ਪਰਿਵਾਰ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਤਾਂ ਉਹ ਨਰਾਜ਼ ਹੋ ਗਏ, ਇਸ ਲਈ ਰੋਅ ਪਏ। ਕੁਲ 856 ਵੋਟ ਮਿਲਣ ਤੋਂ ਉਤਸ਼ਾਹਤ ਨੀਟੂ ਨੇ ਕਿਹਾ ਕਿ ਹੁਣ ਉਹ ਕਦੀ ਚੋਣ ਨਹੀਂ ਲੜਨਗੇ।ਚੌਧਰੀ ਦੇ ਪੀਏ ਨੂੰ ਦੱਸ ਦਿੱਤਾ ਸੀ ਨੀਟੂ ਨੇ ਕਿਹਾ ਕਿ ਨਾਮਜ਼ਦਗੀ ਭਰਨ ਤੋਂ ਬਾਅਦ ਡੀਸੀ ਨੇ ਪਹਿਲਾਂ ਉਮੀਦਵਾਰਾਂ ਦੀ ਮੀਟਿੰਗ ਬੁਲਾਈ ਸੀ, ਜਿਸ ਵਿਚ ਚੌਧਰੀ ਸੰਤੋਖ ਸਿੰਘ ਦਾ ਪੀਏ ਮਿਲਿਆ।
ਉਨ੍ਹਾਂ ਚੌਧਰੀ ਦੇ ਪੀਏ ਨੂੰ ਵੀ ਦੱਸਿਆ ਕਿ ਮੈਂ ਨਰਾਜ਼ਗੀ 'ਚ ਚੋਣ ਲੜ ਰਿਹਾ ਹਾਂ। ਉਦੋਂ ਪੀਏ ਨੇ ਕਿਹਾ ਕਿ ਕੋਈ ਗੱਲ਼ ਨਹੀਂ, ਉਹ ਚੌਧਰੀ ਨੂੰ ਫੋਨ ਕਰ ਕੇ ਉਸ ਦੀ ਦੁਕਾਨ 'ਤੇ ਲੈ ਕੇ ਆਉਣਗੇ ਤੇ ਗਲ਼ੇ ਮਿਲਵਾਉਣਗੇ।ਨੀਟੂ ਲਗਪਗ ਪੰਜ ਸਾਲ ਪਹਿਲਾਂ ਵੀ ਚਰਚਾ 'ਚ ਆਏ ਸਨ। ਉਦੋਂ ਪੁਲਿਸ ਨੂੰ ਪਠਾਨਕੋਟ ਚੌਕ ਨੇੜੇ ਬੰਬ ਮਿਲਿਆ ਸੀ ਜਿਸ 'ਚ ਪੂਰਾ ਸਾਜੋਸਾਮਾਨ ਲੱਗਿਆ ਹੋਇਆ ਸੀ। ਪੁਲਿਸ ਨੇ ਉੱਥੇ ਆ ਕੇ ਏਰੀਆ ਸੀਲ ਕਰ ਦਿੱਤਾ ਤੇ ਫਿਰ ਮਿੱਟੀ ਦੀਆਂ ਬੋਰੀਆਂ ਨਾਲ ਢੱਕ ਕੇ ਉਸ ਵਿਚ ਬਲਾਸਟ ਕਰ ਦਿੱਤਾ। ਉਦੋਂ ਜਾਂਚ 'ਚ ਆਇਆ ਸੀ ਕਿ ਇਸ 'ਚ ਲੱਗਿਆ ਸਾਮਾਨ ਨੀਟੂ ਸ਼ਟਰਾਂਵਾਲਾ ਦੇ ਕੋਲੋਂ ਆਇਆ ਸੀ। ਪੁਲਿਸ ਨੇ ਨੀਟੂ ਤੋਂ ਪੁੱਛ-ਗਿੱਛ ਕੀਤੀ, ਪਰ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਮਿਲੀ ਸੀ। ਇਸ ਤੋਂ ਬਾਅਦ ਉਹ ਵੱਡੀ ਚਰਚਾ 'ਚ ਆ ਗਏ ਸਨ।



