ਕਪੂਰਥਲਾ ‘ਚ ਬੇਅਦਬੀ ਦਾ ਕੋਈ ਸਬੂਤ ਨਹੀਂ, ਐੱਫਆਈਆਰ ‘ਚ ਸੋਧ ਕੀਤੀ ਜਾਵੇਗੀ : ਮੁੱਖ ਮੰਤਰੀ ਚੰਨੀ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਪੂਰਥਲਾ 'ਚ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬੇਅਦਬੀ ਕੀਤੀ ਗਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਫਆਈਆਰ 'ਚ ਸੋਧ ਕੀਤੀ ਜਾਵੇਗੀ,। ਕਪੂਰਥਲਾ ਜ਼ਿਲ੍ਹੇ ਦੇ ਨਿਜ਼ਾਮਪੁਰ ਵਿਖੇ 19 ਦਸੰਬਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 'ਨਿਸ਼ਾਨ ਸਾਹਿਬ' ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।

ਕਥਿਤ ਤੌਰ 'ਤੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਦੀਆਂ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਈਆਂ ਹਨ। ਜੀਐੱਸ ਢਿੱਲੋਂ, ਇੰਸਪੈਕਟਰ ਜਨਰਲ ਆਫ਼ ਪੁਲਿਸ (ਜਲੰਧਰ ਰੇਂਜ) ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਜਾਂਚ ਅਨੁਸਾਰ ਬੇਅਦਬੀ ਦਾ ਕੋਈ ਸੰਕੇਤ ਨਹੀਂ ਮਿਲਿਆ ਤੇ ਪੁਲਿਸ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਕਪੂਰਥਲਾ 'ਚ ਕਥਿਤ ਤੌਰ 'ਤੇ ਬੇਅਦਬੀ ਨੂੰ ਲੈ ਕੇ ਮਾਰੇ ਗਏ ਅਣਪਛਾਤੇ ਵਿਅਕਤੀ ਦਾ ਪੋਸਟਮਾਰਟਮ ਦਰਸਾਉਂਦਾ ਹੈ ਕਿ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ।