ਸੀਕਰ (ਪਾਇਲ): ਰਾਜਸਥਾਨ ਦੇ ਸੀਕਰ ਜ਼ਿਲੇ 'ਚ ਐਤਵਾਰ ਨੂੰ ਅਚਾਨਕ ਜ਼ਹਿਰੀਲੀ ਹਵਾ ਫੈਲਣ ਨਾਲ ਇਲਾਕੇ 'ਚ ਹੜਕੰਪ ਮਚ ਗਿਆ। ਸਵੇਰੇ ਕਈ ਲੋਕਾਂ ਨੂੰ ਅਚਾਨਕ ਸਾਹ ਲੈਣ ਵਿੱਚ ਤਕਲੀਫ਼, ਦਿਲ ਵਿੱਚ ਜਲਨ ਅਤੇ ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ। ਹਾਲਤ ਵਿਗੜਦੀ ਦੇਖ ਕੇ ਨੇੜੇ ਦੇ ਲੋਕਾਂ ਨੇ ਤੁਰੰਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ।
ਸੀਕਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏਡੀਐਮ) ਰਤਨ ਲਾਲ ਅਨੁਸਾਰ 15 ਬੱਚਿਆਂ ਸਮੇਤ ਕੁੱਲ 22 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਕਈਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰਾਹਤ ਮਿਲੀ ਹੈ।
ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ (ਪੀਸੀਬੀ) ਦੀ ਟੀਮ ਨੂੰ ਮੌਕੇ 'ਤੇ ਤਾਇਨਾਤ ਕਰ ਦਿੱਤਾ। ਟੀਮ ਹਵਾ ਅਤੇ ਆਸਪਾਸ ਦੇ ਇਲਾਕਿਆਂ ਤੋਂ ਨਮੂਨੇ ਲੈ ਕੇ ਇਹ ਜਾਂਚ ਕਰ ਰਹੀ ਹੈ ਕਿ ਜ਼ਹਿਰੀਲੀ ਗੈਸ ਦਾ ਸਰੋਤ ਕੀ ਸੀ। ਏਡੀਐਮ ਰਤਨ ਲਾਲ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਮਾਮਲਾ ਨੇੜੇ ਦੀ ਭੱਠੀ ਵਿੱਚ ਕੱਪੜੇ ਸੜਨ ਨਾਲ ਸਬੰਧਤ ਜਾਪਦਾ ਹੈ, ਜਿਸ ਕਾਰਨ ਜ਼ਹਿਰੀਲਾ ਧੂੰਆਂ ਹਵਾ ਵਿੱਚ ਫੈਲ ਗਿਆ। ਹਾਲਾਂਕਿ ਅਧਿਕਾਰੀ ਅਜੇ ਵੀ ਵਿਸਤ੍ਰਿਤ ਜਾਂਚ ਰਿਪੋਰਟ ਦੀ ਉਡੀਕ ਕਰ ਰਹੇ ਹਨ।
ਇਸ ਅਚਾਨਕ ਵਾਪਰੀ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਪ੍ਰਸ਼ਾਸਨ ਨੇ ਆਸ-ਪਾਸ ਦੇ ਵਸਨੀਕਾਂ ਨੂੰ ਕੁਝ ਸਮੇਂ ਲਈ ਘਰਾਂ ਦੇ ਅੰਦਰ ਹੀ ਰਹਿਣ ਅਤੇ ਲੋੜ ਪੈਣ 'ਤੇ ਹੀ ਬਾਹਰ ਆਉਣ ਦੀ ਅਪੀਲ ਕੀਤੀ ਹੈ। ਇਲਾਕੇ ਵਿੱਚ ਚੌਕਸੀ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਅਜਿਹੀ ਸਥਿਤੀ ਦੁਬਾਰਾ ਨਾ ਵਾਪਰੇ।



