ਚੰਡੀਗੜ : ਸ਼ਹਿਰ ਦੇ ਇਕ ਨਾਮੀ ਹੋਟਲ ਵੱਲੋਂ ਫਿਲਮ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਲਈ 442.50 ਰੁਪਏ ਵਸੂਲਣ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਪੂਰਾ ਮਾਮਲਾ ਹੁਣ ਹੋਟਲ 'ਤੇ ਭਾਰੀ ਪੈ ਸਕਦਾ ਹੈ। ਪ੍ਰਸ਼ਾਸਨ ਨੇ ਰਾਹੁਲ ਬੋਸ ਦੇ ਟਵੀਟ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਹੋਟਲ ਨੂੰ ਨੋਟਿਸ ਜਾਰੀ ਕੀਤਾ ਹੈ। ਹੋਟਲ 'ਚ ਜਾਂਚ ਵੀ ਕੀਤੀ ਗਈ ਹੈ। ਪੂਰੇ ਮਾਮਲੇ 'ਚ ਹੋਟਲ ਨੂੰ 67.50 ਰੁਪਏ ਟੈਕਸ ਵਸੂਲਣਾ ਮਹਿੰਗਾ ਪੈ ਸਕਦਾ ਹੈ।ਡੀਸੀ ਮਨਦੀਪ ਸਿੰਘ ਬਰਾੜ ਨੇ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰਕੇ ਚੌਧਰੀ ਦੀ ਅਗਵਾਈ ਹੇਠ ਇਸ ਪੂਰੇ ਮਾਮਲੇ ਦੀ ਜਾਂਚ ਲਈ ਟੀਮ ਗਠਿਤ ਕੀਤੀ ਹੈ।
ਟੀਮ ਵਿਚ ਏਟੀਸੀ ਨਾਲ ਦੋ ਈਟੀਓ ਆਰਐੱਲ ਚੁੱਘ ਤੇ ਅਰੁਣ ਧੀਰ ਸ਼ਾਮਲ ਹਨ। ਏਈਟੀਸੀ ਆਰਕੇ ਚੌਧਰੀ ਨੇ ਦੱਸਿਆ ਕਿ ਜੇਡਬਲਿਯੂ ਹੋਟਲ ਮੈਨੇਜਮੈਂਟ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ। ਹੋਟਲ 'ਚ ਚੈਕਿੰਗ ਦੌਰਾਨ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਅਫ਼ਸਰਾਂ ਨੇ ਬਿਲ ਤੇ ਹੋਰ ਰਿਕਾਰਡ ਵੀ ਜ਼ਬਤ ਕੀਤੇ ਹਨ। ਏਟੀਸੀ ਨੇ ਦੱਸਿਆ ਕਿ ਜੇਡਬਲਿਯੂ ਮੈਰਿਏਟ ਹੋਟਲ ਨੂੰ ਸ਼ੋਅਕਾਜ਼ ਨੋਟਿਸ ਭੇਜ ਦਿੱਤਾ ਹੈ। ਹੋਟਲ ਮੈਨਜੇਜਮੈਂਟ ਨੂੰ ਇਸ ਪੂਰੇ ਮਾਮਲੇ 'ਚ ਅੱਜ ਸ਼ਾਮ ਤਕ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ ਹੋਟਲ ਪ੍ਰਬੰਧਨ 'ਤੇ ਜੀਐੱਸਟੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
ਏਈਟੀਸੀ ਆਰਕੇ ਚੌਧਰੀ ਨੇ ਦੱਸਿਆ ਕਿ ਜੀਐੱਸਟੀ ਕਾਨੂੰਨ ਮੁਤਾਬਿਕ ਕੋਈ ਵੀ ਹੋਟਲ ਫਲ 'ਤੇ ਟੈਕਸ ਵਸੂਲ ਨਹੀਂ ਕਰ ਸਕਦਾ। ਅਦਾਕਾਰ ਰਾਹੁਲ ਬੋਸ ਤੋਂ ਜੇਡਬਲਿਯੂ ਮੈਰਿਏਟ ਹੋਟਲ ਨੇ ਦੋ ਕੇਲਿਆਂ ਲਈ ਕੁੱਲ 442.50 ਰੁਪਏ ਵਸੂਲ ਕੀਤੇ ਸਨ। ਇਸ 'ਚ 67.50 ਰੁਪਏ ਜੀਐੱਸਟੀ ਵਜੋਂ ਵਸੂਲ ਕੀਤੇ ਗਏ ਸਨ। ਚੇਤੇ ਰਹੇ ਕਿ ਅਦਾਕਾਰ ਰਾਹੁਲ ਬੋਸ ਨੇ ਹਾਲ ਹੀ 'ਚ ਟਵੀਟ ਰਾਹੀਂ ਚੰਡੀਗੜ੍ਹ ਦੇ ਸੈਕਟਰ-35 ਸਥਿਤ ਜੇਡਬਲਿਯੂ ਮੈਰਿਏਟ ਹੋਟਲ ਦੇ ਦੋ ਕੇਲਿਆਂ ਦੇ ਰੇਟ 'ਤੇ ਸਵਾਲ ਚੁੱਕੇ ਹਨ।



