ਹੁਣ ਤਹਿਸੀਲਦਾਰਾਂ ਵੱਲੋਂ ਵੀ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ!

by jaskamal

ਨਿਊਜ਼ ਡੈਸਕ : ਪਟਵਾਰੀਆਂ ਤੋਂ ਬਾਅਦ ਹੁਣ ਤਹਿਸੀਲਦਾਰਾਂ ਵੱਲੋਂ ਵੀ ਸਮੂਹਿਕ ਛੁੱਟੀ 'ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਦਿ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬਾ ਭਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਅੱਜ ਸੋਮਵਾਰ ਤੋਂ ਬੁੱਧਵਾਰ ਤਕ ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਪਟਵਾਰੀਆਂ ਦੇ ਸੰਘਰਸ਼ ਦੇ ਹੱਕ ’ਚ ਆਪਣਾ ਕੰਮਕਾਜ ਠੱਪ ਰੱਖਣਗੇ। ਨਵਾਂਸ਼ਹਿਰ ਦੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਲੇਰਕੋਟਲਾ ਨਾਲ ਸੰਬਧਤ ਪਟਵਾਰੀ ਦੀਦਾਰ ਸਿੰਘ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਥਿਤ ਸਾਜ਼ਿਸ਼ ਦੇ ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਮਾਲ ਅਧਿਕਾਰੀ, ਕਾਨੂੰਗੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।

ਉਨ੍ਹਾਂ ਅੱਗੇ ਕਿਹਾ ਕਿ ਅਸਲ ’ਚ ਪਟਵਾਰੀ ਦੀਦਾਰ ਸਿੰਘ ਨਾਲ ਸਬੰਧਤ ਵਿਜੀਲੈਂਸ ਵਿਭਾਗ ਵੱਲੋ ਜ਼ਮੀਨ ਦੀਆਂ ਰਜਿਸਟਰੀਆਂ ਸਹਿਤ ਚੱਲ ਅਤੇ ਅਚੱਲ ਜਾਇਦਾਦ ਬਾਰੇ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ’ਚ ਮਾਲ ਵਿਭਾਗ ’ਚ ਪਟਵਾਰੀਆਂ, ਕਾਨੂੰਗੋ ਅਤੇ ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਕਦੇ ਵੀ ਖ਼ਾਲੀ ਪਏ ਅਹੁਦਿਆਂ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।