ਹੁਣ ਗਾਵਾਂ-ਮੱਝਾਂ ਰੱਖਣ ਲਈ ਵੀ ਲੈਣਾ ਪਵੇਗਾ ਲਾਇਸੈਂਸ !

by jaskamal

ਨਿਊਜ਼ ਡੈਸਕ : ਰਾਜਸਥਾਨ ਸਰਕਾਰ ਨੇ ਸ਼ਹਿਰੀ ਖੇਤਰਾਂ 'ਚ ਘਰਾਂ 'ਚ ਗਾਵਾਂ ਜਾਂ ਮੱਝਾਂ ਰੱਖਣ ਲਈ ਸਾਲਾਨਾ ਲਾਇਸੈਂਸ ਤੇ 100 ਵਰਗ ਗਜ਼ ਖੇਤਰ ਲਾਜ਼ਮੀ ਕਰ ਦਿੱਤਾ ਹੈ। ਜੇਕਰ ਪਸ਼ੂ ਘੁੰਮਦਾ ਪਾਇਆ ਗਿਆ ਤਾਂ 10,000 ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਬਿਨਾਂ ਲਾਇਸੈਂਸ ਦੇ ਕਿਸੇ ਨੂੰ ਵੀ ਇਕ ਘਰ 'ਚ ਇਕ ਤੋਂ ਵੱਧ ਗਾਂ ਤੇ ਇਕ ਵੱਛਾ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਪਸ਼ੂਆਂ ਲਈ ਵੱਖਰਾ ਨਿਰਧਾਰਤ ਖੇਤਰ ਹੋਣਾ ਚਾਹੀਦਾ ਹੈ। ਨਵੇਂ ਨਿਯਮ ਨਗਰ ਨਿਗਮਾਂ ਤੇ ਕੌਂਸਲਾਂ ਅਧੀਨ ਆਉਂਦੇ ਸਾਰੇ ਖੇਤਰਾਂ 'ਚ ਲਾਗੂ ਕੀਤੇ ਜਾਣਗੇ।

ਨਵੇਂ ਨਿਯਮਾਂ ਤਹਿਤ ਲਾਇਸੈਂਸ ਪ੍ਰਾਪਤ ਕਰਨ ਲਈ ਇਕ ਬਿਨੈਕਾਰ ਨੂੰ ਪਸ਼ੂਆਂ ਲਈ ਪ੍ਰਸਤਾਵਿਤ ਜਗ੍ਹਾ ਦੇ ਵੇਰਵੇ ਜਮ੍ਹਾਂ ਕਰਾਉਣੇ ਪੈਂਦੇ ਹਨ। ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣਾ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਪੈਂਦਾ ਹੈ। ਉਨ੍ਹਾਂ ਤੋਂ ₹1,000 ਸਾਲਾਨਾ ਲਾਇਸੈਂਸ ਫੀਸ ਵਜੋਂ ਵਸੂਲੇ ਜਾਣਗੇ। ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਵਿਦਿਅਕ, ਧਾਰਮਿਕ ਤੇ ਹੋਰ ਅਦਾਰਿਆਂ ਨੂੰ ਅੱਧੀ ਰਕਮ ਅਦਾ ਕਰਨੀ ਪਵੇਗੀ। ਜੇਕਰ ਪਸ਼ੂਆਂ ਦੀ ਗਿਣਤੀ ਗਾਂ ਤੇ ਵੱਛੇ ਤੋਂ ਵੱਧ ਹੋਵੇਗੀ ਤਾਂ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਜਾਨਵਰਾਂ ਨੂੰ ਮਾਲਕ ਦੇ ਨਾਮ ਤੇ ਨੰਬਰ ਦੇ ਨਾਲ ਟੈਗ ਕਰਨਾ ਹੋਵੇਗਾ।