CM ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਸ਼ਿਕਾਇਤਾਂ ਦੇ ਲੱਗੇ ਅੰਬਾਰ, ਕਈ ਅਧਿਕਾਰੀ ਫਸੇ

by jaskamal

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਸ਼ਿਕਾਇਤਾਂ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਦਰਜ ਕੀਤੀਆਂ ਗਈਆਂ ਜ਼ਿਆਦਾਤਰ ਸ਼ਿਕਾਇਤਾਂ ਪੁਰਾਣੇ ਮਾਮਲਿਆਂ ਨਾਲ ਸਬੰਧਤ ਰਹੀਆਂ, ਜਿਨ੍ਹਾਂ 'ਚ ਉੱਚ ਸਿੱਖਿਆ ਵਿਭਾਗ 'ਚ ਤਾਇਨਾਤ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਸ਼ਿਕਾਇਤ ਸਕੂਲ ਸਿੱਖਿਆ ਵਿਭਾਗ ਵਿਚ ਸਕੱਤਰ ਦੇ ਤੌਰ ’ਤੇ ਕ੍ਰਿਸ਼ਨ ਕੁਮਾਰ ਦੀ ਨਿਯੁਕਤੀ ਦੇ ਸਮੇਂ ਹੋਏ ਕਥਿਤ ਭ੍ਰਿਸ਼ਟਾਚਾਰ ਸਬੰਧੀ ਹੈ ਤੇ ਸ਼ਿਕਾਇਤ ਵੀ ਸਿੱਖਿਆ ਵਿਭਾਗ ਦੇ ਹੀ ਮੁਲਾਜ਼ਮ ਵਲੋਂ ਕੀਤੀ ਗਈ ਹੈ।

ਹਾਲਾਂਕਿ ਸਰਕਾਰ ਵਲੋਂ ਹੈਲਪਲਾਈਨ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਬਾਰੇ ਆਧਿਕਾਰਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਹੈਲਪਲਾਈਨ ਨੰਬਰ ’ਤੇ ਪਹਿਲੇ ਹੀ ਦਿਨ ਸ਼ਿਕਾਇਤਾਂ ਦਾ ਅੰਬਾਰ ਲੱਗ ਗਿਆ ਤੇ ਜ਼ਿਆਦਾਤਰ ਸ਼ਿਕਾਇਤਾਂ ਪੁਰਾਣੇ ਮਾਮਲਿਆਂ ਤੇ ਮਾਲੀਆ ਵਿਭਾਗ ਨਾਲ ਸਬੰਧਤ ਹਨ।

ਹੈਲਪਲਾਈਨ ਨੰਬਰ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਨਿਗਰਾਨੀ ਲਈ ਪੰਜਾਬ ਪੁਲਸ ਵਲੋਂ ਚੋਣ ਸੈੱਲ 'ਚ ਤਾਇਨਾਤ ਏਆਈਜੀ ਵਿਕਾਸ ਸਭਰਵਾਲ, ਡੀਐੱਸਪੀ ਅਮਰੋਜ ਸਿੰਘ ਅਤੇ ਡੀਐੱਸਪੀ ਰੁਪਿੰਦਰਜੀਤ ਕੌਰ ਸੋਹੀ ਨੂੰ ਫਿਲਹਾਲ ਵਿਜੀਲੈਂਸ ਬਿਊਰੋ 'ਚ ਤਾਇਨਾਤ ਕਰ ਦਿੱਤਾ ਹੈ।