Omicron effect Delhi: ਦਿੱਲੀ ‘ਚ 15 ਦਿਨਾਂ ‘ਚ 10 ਗੁਣਾ ਵਧੇ ਕੋਰੋਨਾ ਮਾਮਲੇ, ਫਿਰ ਵੀ ਲੋਕ ਨਹੀਂ ਚੌਕਸ…

by jaskamal

ਨਿਊਜ਼ ਡੈਸਕ (ਜਸਕਮਲ) : ਕੋਰੋਨਾ ਦੇ ਨਵੇਂ Omicron ਵੇਰੀਐਂਟ ਦਾ ਪ੍ਰਭਾਵ ਹੁਣ ਰਾਜਧਾਨੀ ਦਿੱਲੀ 'ਤੇ ਦਿਖਾਈ ਦੇ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ, ਦਿੱਲੀ 'ਚ ਓਮੀਕਰੋਨ ਦੇ 238 ਮਾਮਲੇ ਸਾਹਮਣੇ ਆਏ ਹਨ, ਜੋ ਦੇਸ਼ 'ਚ ਸਭ ਤੋਂ ਵੱਧ ਹਨ। ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ, ਕੋਰੋਨਾ ਦੇ ਨਵੇਂ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਸਿਰਫ 15 ਦਿਨਾਂ 'ਚ ਦਿੱਲੀ 'ਚ ਕੋਰੋਨਾ ਦੇ ਮਾਮਲੇ 10 ਗੁਣਾ ਵਧ ਗਏ ਹਨ। ਇੰਨਾ ਹੀ ਨਹੀਂ ਐਕਟਿਵ ਕੇਸਾਂ 'ਚ ਵੀ 4 ਗੁਣਾ ਵਾਧਾ ਹੋਇਆ ਹੈ। 

ਮੰਗਲਵਾਰ ਨੂੰ ਦਿੱਲੀ 'ਚ ਸਕਾਰਾਤਮਕਤਾ ਦਰ 1 ਫੀਸਦੀ ਦੇ ਨੇੜੇ ਪਹੁੰਚ ਗਈ। ਇਸ ਦੇ ਨਾਲ ਹੀ 4 ਜੂਨ ਤੋਂ ਬਾਅਦ ਇਕ ਦਿਨ 'ਚ ਸਭ ਤੋਂ ਵੱਧ ਮਾਮਲੇ ਵੀ ਸਾਹਮਣੇ ਆਏ ਹਨ। ਮੰਗਲਵਾਰ ਨੂੰ ਰਾਜਧਾਨੀ 'ਚ ਕੋਰੋਨਾ ਦੇ 496 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਸ਼ਨ ਦੀ ਦਰ ਵਧ ਕੇ 0.89 ਫੀਸਦੀ ਹੋ ਗਈ। ਇਸ ਦੇ ਨਾਲ ਹੀ ਐਕਟਿਵ ਕੇਸ ਵੀ 1600 ਤੋਂ ਪਾਰ ਹੋ ਗਏ ਹਨ। ਦਿੱਲੀ 'ਚ ਲਗਾਤਾਰ ਚਾਰ ਦਿਨਾਂ ਤੋਂ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਮੰਗਲਵਾਰ ਨੂੰ ਵੀ ਇਕ ਮਰੀਜ਼ ਦੀ ਮੌਤ ਹੋ ਗਈ। ਇਸ ਦੇ ਬਾਵਜੂਦ ਵੀ ਲੋਕ ਅਹਿਤਿਆਤ ਨਹੀਂ ਵਰਤ ਰਹੇ ਹਨ, ਜਿਸ ਕਾਰਨ ਇਸ ਦਾ ਕਹਿਰ ਲਗਤਾਰ ਵਧਦਾ ਹੀ ਜਾ ਰਿਹਾ ਹੈ।

ਓਮੀਕਰੋਨ ਦਾ ਪਹਿਲਾ ਮਾਮਲਾ 5 ਦਸੰਬਰ ਨੂੰ ਦਿੱਲੀ 'ਚ ਸਾਹਮਣੇ ਆਇਆ ਸੀ। ਉਸ ਦਿਨ ਤਨਜ਼ਾਨੀਆ ਤੋਂ ਪਰਤਿਆ ਇਕ ਵਿਅਕਤੀ ਸੰਕਰਮਿਤ ਪਾਇਆ ਗਿਆ ਸੀ। ਉਦੋਂ ਤੋਂ ਦਿੱਲੀ 'ਚ ਹਰ ਰੋਜ਼ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਤੇ ਕੋਰੋਨਾ ਦੇ ਨਵੇਂ ਮਾਮਲੇ ਵੀ ਵਧਦੇ ਗਏ। 14 ਦਸੰਬਰ ਨੂੰ ਦਿੱਲੀ 'ਚ ਕੋਰੋਨਾ ਦੇ 45 ਨਵੇਂ ਮਾਮਲੇ ਸਾਹਮਣੇ ਆਏ ਸਨ। 21 ਦਸੰਬਰ ਨੂੰ 102 ਅਤੇ 28 ਦਸੰਬਰ ਨੂੰ 496 ਨਵੇਂ ਕੇਸ ਆਏ। ਇਸੇ ਤਰ੍ਹਾਂ, ਲਾਗ ਦੀ ਦਰ 14 ਦਸੰਬਰ ਨੂੰ 0.09% ਸੀ, ਜੋ 21 ਦਸੰਬਰ ਨੂੰ 0.20% ਤੇ 28 ਦਸੰਬਰ ਨੂੰ 0.89% ਹੋ ਗਈ।