ਪੰਜਾਬ ਆਉਂਦਿਆਂ ਹੀ ਕੈਪਟਨ ‘ਤੇ ਵਰ੍ਹੀ ਪ੍ਰਿਅੰਕਾ, ਕਿਹਾ- ਦਿੱਲੀ ਤੋਂ ਭਾਜਪਾ ਚਲਾ ਰਹੀ ਸੀ “ਕੈਪਟਨ ਸਰਕਾਰ”

by jaskamal

ਨਿਊਜ਼ ਡੈਸਕ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪੰਜਾਬ ਫੇਰੀ ਦੌਰਾਨ ਕੋਟਕਪੂਰਾ ਵਿਖੇ ਪਹੁੰਚ ਚੁੱਕੇ ਹਨ। ਇਥੇ ਪਹੁੰਚਣ ’ਤੇ ਉਨ੍ਹਾਂ ਦਾ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਕੋਟਕਪੂਰਾ ਤੋਂ ਉਮੀਦਵਾਰ ਅਜੇਪਾਲ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਪ੍ਰਿਅੰਕਾ ਨੇ ਭਾਜਪਾ ’ਤੇ ਨਿਸ਼ਾਨੇ ਵਿੰਨ੍ਹੇ, ਉਥੇ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸੇ। ਉਨ੍ਹਾਂ ਕਿਹਾ ਕਿ 5 ਸਾਲਾ ਦੌਰਾਨ ਕੈਪਟਨ ਦੀ ਸਰਕਾਰ ’ਚ ਕੁਝ ਖਾਮੀਆਂ ਰਹੀਆਂ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ’ਚ ਬਹੁਤ ਕੁਝ ਕੀਤਾ ਹੈ। 

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਅੰਦਰ ਸੇਵਾ ਦੀ ਭਾਵਨਾ ਵਾਰ-ਵਾਰ ਵੇਖੀ ਗਈ, ਇਹੀ ਕਿਸਾਨਾਂ ਦੀ ਪੰਜਾਬੀਅਤ ਹੈ। ਕਿੰਨੇ ਕਿਸਾਨ ਸ਼ਹੀਦ ਹੋਏ ਪਰ ਕਿਸਾਨ ਕਦੇ ਪਿੱਛੇ ਨਹੀਂ ਹਟੇ। ਤੁਸੀਂ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਝੁਕੇ। ਇਹੀ ਪੰਜਾਬੀਆਂ ਦੀ ਪੰਜਾਬੀਅਤ ਹੈ ਕਿ ਉਹ ਕਿਸੇ ਦੇ ਸਾਹਮਣੇ ਝੁਕਦੇ ਨਹੀਂ ਹਨ। ਮੈਂ ਲਖੀਮਪੁਰ ਖੀਰੀ ਗਈ, ਜਿੱਥੇ 6 ਕਿਸਾਨਾਂ ਨੂੰ ਕੁਚਲਿਆ ਗਿਆ, ਉਥੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੀ ਤਾਂ ਬੇਹੱਦ ਦੁਖ਼ ਹੋਇਆ। ਵਿਧਵਾ ਔਰਤਾਂ ਵੀ ਨਹੀਂ ਝੁੱਕੀਆਂ ਤੇ ਹੱਕ ਦੀ ਲੜਾਈ ਲੜਦੀਆਂ ਰਹੀਆਂ ਹਨ। ਕਿਸਾਨਾਂ ਨੇ ਕਿੰਨਾ ਸੰਘਰਸ਼ ਕੀਤਾ ਪਰ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੀ  ਆਵਾਜ਼ ਨਹੀਂ ਸੁਣੀ।