ਯੂਕ੍ਰੇਨ-ਰੂਸ ਵਿਚਾਲੇ ਜੰਗ ਦੇ 6ਵੇਂ ਦਿਨ ਰੂਸੀ ਫ਼ੌਜ ਨੇ ਖੇਰਸਨ ‘ਤੇ ਕੀਤਾ ਹਮਲਾ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 6ਵਾਂ ਦਿਨ ਹੈ ਤੇ ਇਸ ਦਰਮਿਆਨ ਯੂਕਰੇਨ 'ਚ ਚੱਲ ਰਹੀ ਰੂਸੀ ਫ਼ੌਜੀ ਕਾਰਵਾਈ ਦੇ ਵਿਚਕਾਰ ਰੂਸ ਦੀ ਫੌਜ ਨੇ ਹੁਣ ਖੇਰਸਨ ਸ਼ਹਿਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਸੰਚਾਰ ਤੇ ਸੂਚਨਾ ਸੁਰੱਖਿਆ ਲਈ ਯੂਕਰੇਨ ਦੀ ਰਾਜ ਸੇਵਾ ਨੇ ਕਿਹਾ ਕਿ ਪ੍ਰਤੱਖਦਰਸ਼ੀਆਂ ਦੇ ਅਨੁਸਾਰ ਰੂਸੀ ਫੌ਼ਜ ਹਵਾਈ ਅੱਡੇ ਤੋਂ ਨਿਕੋਲੇਵ ਹਾਈਵੇਅ ਤੇ ਕੋਲਡ ਸਟੋਰੇਜ ਪਲਾਂਟ ਦੇ ਨੇੜੇ ਇਕ ਰਿੰਗ ਵੱਲ ਵਧ ਰਹੀ ਹੈ।

ਖੇਰਸਨ ਦੇ ਸਥਾਨਕ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਸ਼ਹਿਰ ਨੂੰ ਰੂਸੀ ਫ਼ੌਜੀਆਂ ਨੇ ਘੇਰਾ ਪਾ ਲਿਆ ਸੀ ਪਰ ਹਾਲੇ ਤੱਕ ਸ਼ਹਿਰ 'ਤੇ ਕਬਜ਼ਾ ਨਹੀਂ ਕੀਤਾ ਗਿਆ ਸੀ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਰੂਸੀ ਫ਼ੌਜ ਨੇ ਸ਼ਹਿਰ ਦੇ ਪ੍ਰਵੇਸ਼ ਦੁਆਰ 'ਤੇ ਰੋਕ ਲਗਾ ਦਿੱਤੀ ਹੈ। ਮੇਅਰ ਇਗੋਰ ਕੋਲੀਖਾਏ ਨੇ ਫੇਸਬੁੱਕ 'ਤੇ ਲਿਖਿਆ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਭਵਿੱਖ 'ਚ ਕੀ ਹੋਵੇਗਾ। ਖੇਰਸਨ ਯੂਕਰੇਨ ਦਾ ਸੀ ਤੇ ਰਹੇਗਾ।