ਮਹਿਲਾ ਦਿਵਾਸ ਮੌਕੇ PM ਮੋਦੀ ਨੇ ਔਰਤਾਂ ਨੂੰ ਦਿੱਤਾ ਖ਼ਾਸ ਤੋਹਫ਼ਾ

by jagjeetkaur

ਨਵੀਂ ਦਿੱਲੀ: ਮਹਿੰਗਾਈ ਤੋਂ ਪ੍ਰੇਸ਼ਾਨ ਆਮ ਆਦਮੀ ਨੂੰ ਰਾਹਤ ਮਿਲੀ ਹੈ। ਕੱਲ੍ਹ ਉਜਵਲਾ 'ਚ ਮਿਲੀ ਰਾਹਤ ਤੋਂ ਬਾਅਦ ਹੁਣ ਹਰ ਕਿਸੇ ਲਈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟ ਗਈਆਂ ਹਨ। LPG ਸਿਲੰਡਰ 100 ਰੁਪਏ ਸਸਤਾ ਹੋ ਗਿਆ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੀਐਮ ਮੋਦੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਦਾ ਆਰਥਿਕ ਬੋਝ ਘੱਟ ਹੋਵੇਗਾ। ਮਹਿਲਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅੱਜ ਅਸੀਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੋਟ ਦਾ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 'ਤੇ ਉਪਲਬਧ ਸਬਸਿਡੀ ਨੂੰ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਉੱਜਵਲਾ ਯੋਜਨਾ ਦੇ ਤਹਿਤ, ਐਲਪੀਜੀ ਸਿਲੰਡਰ 'ਤੇ ਸਬਸਿਡੀ 31 ਮਾਰਚ 2025 ਤੱਕ ਉਪਲਬਧ ਰਹੇਗੀ। ਇਸ ਤਰ੍ਹਾਂ, ਅਗਲੇ ਇੱਕ ਸਾਲ ਦੌਰਾਨ, ਇਸ ਯੋਜਨਾ ਦੇ ਅਧੀਨ ਆਉਣ ਵਾਲੇ ਪਰਿਵਾਰਾਂ ਨੂੰ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਦੇ ਨਾਲ 12 ਐਲਪੀਜੀ ਸਿਲੰਡਰ ਮਿਲਣਗੇ।

ਰਸੋਈ ਗੈਸ ਸਿਲੰਡਰ ਦੀ ਕੀਮਤ ਘਟਣ ਨਾਲ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਦੇਸ਼ ਵਿੱਚ ਕੁੱਲ 31 ਕਰੋੜ 40 ਲੱਖ ਐਲਪੀਜੀ ਕੁਨੈਕਸ਼ਨ ਹਨ। ਇਨ੍ਹਾਂ ਵਿੱਚੋਂ 10 ਕਰੋੜ ਤੋਂ ਵੱਧ ਲਾਭਪਾਤਰੀ ਉੱਜਵਲਾ ਯੋਜਨਾ ਦੇ ਹਨ। ਕੇਂਦਰ ਸਰਕਾਰ ਨੇ ਦੇਸ਼ ਦੇ 10 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਮਿਆਦ ਇੱਕ ਸਾਲ ਲਈ ਵਧਾ ਦਿੱਤੀ ਹੈ। ਸਾਲ 2016 ਵਿੱਚ ਲਾਗੂ ਕੀਤੀ ਗਈ ਇਸ ਸਕੀਮ ਦੀ ਮਿਆਦ ਮਾਰਚ 2024 ਵਿੱਚ ਖਤਮ ਹੋ ਰਹੀ ਸੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਫੈਸਲਾ ਲਿਆ ਗਿਆ ਕਿ ਹੁਣ ਇਹ ਯੋਜਨਾ 31 ਮਾਰਚ 2025 ਤੱਕ ਜਾਰੀ ਰਹੇਗੀ।