ਚੰਡੀਗੜ : ਫਾਇਰ ਬ੍ਰਾਂਡ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਰਾਜਨੀਤੀ ਨੂੰ ਇਕ ਵਾਰ ਫਿਰ ਭਖਾ ਦਿੱਤਾ ਹੈ। ਸਿੱਧੂ ਨੇ ਰਾਹੁਲ ਗਾਂਧੀ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਸਿੱਧੂ ਨੇ ਐਤਵਾਰ ਨੂੰ ਆਪਣੇ ਅਸਤੀਫ਼ੇ ਦਾ ਖੁਲਾਸਾ ਕਰ ਕੇ ਕਾਂਗਰਸ ਦੀ ਰਾਜਨੀਤੀ 'ਚ ਹਲਚਲ ਮਚਾ ਦਿੱਤੀ ਸੀ। ਉਨ੍ਹਾਂ ਅਸਤੀਫ਼ੇ ਦਾ ਖੁਲਾਸਾ 34 ਦਿਨਾਂ ਬਾਅਦ ਕੀਤਾ ਤੇ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਦੇ ਕੇ ਰਾਹੁਲ ਗਾਂਧੀ ਨੂੰ ਭੇਜਣ 'ਤੇ ਸਵਾਲ ਚੁੱਕੇ ਹਨ।
ਇਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਮੁੱਖ ਮੰਤਰੀ ਨੂੰ ਵੀ ਅਸਤੀਫ਼ਾ ਭੇਜਿਆ। ਇਸ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਲੱਗ ਗਈਆਂ ਹਨ।ਦੂਜੇ ਪਾਸੇ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਸਿਆਸੀ ਗਲਿਆਰੇ 'ਚ ਚਰਚਾ ਤੇਜ਼ ਹੋ ਗਈ ਹੈ। ਸਿੱਧੂ ਨੂੰ 'ਹਾਈਪ੍ਰੋਫਾਈਲ਼ ਗੇਮ' ਮੰਨਿਆ ਜਾ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਸਿੱਧੂ ਇਸ ਤਰ੍ਹਾਂ ਕਾਂਗਰਸ ਨੂੰ ਦੁਚਿੱਤੀ 'ਚ ਪਾਉਣ ਦੇ ਨਾਲ ਰਾਜਨੀਤੀ ਵੀ ਕਰ ਰਹੇ ਹਨ। ਸਾਰਿਆਂ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ਦੇ ਕਦਮ ਤੇ ਸਿੱਧੂ ਦੇ ਅਗਲੇ ਕਦਮ 'ਤੇ ਹਨ।ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਦੇ ਅਸਤੀਫ਼ੇ ਦੇ ਡਰਾਮੇ ਨੂੰ ਹਾਸੋਹੀਣਾ ਦੱਸਦਿਆਂ ਉਸ ਨੂੰ ਆਪਣੀ ਕਾਰਜਸ਼ੈਲੀ 'ਚ ਹੋਰ ਵਧੇਰੇ ਸਲੀਕਾ ਲਿਆਉਣ ਲਈ ਆਖਿਆ।
ਦੋਵਾਂ ਮੰਤਰੀਆਂ ਨੇ ਕਿਹਾ, 'ਇਹ ਕਦਮ ਡਰਾਮੇਬਾਜ਼ੀ ਦੇ ਮਾਹਿਰ ਦੇ ਇਕ ਡਰਾਮੇ ਤੋਂ ਵੱਧ ਕੇ ਕੁਝ ਨਹੀਂ ਅਤੇ ਜੇਕਰ ਸਿੱਧੂ ਨੇ ਅਸਤੀਫ਼ਾ ਹੀ ਦੇਣਾ ਸੀ ਤਾਂ ਉਨ੍ਹਾਂ ਵੱਲੋਂ ਤੈਅ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀ ਅਤੇ ਇਹ ਅਸਤੀਫ਼ਾ ਸਿੱਧਾ ਮੁੱਖ ਮੰਤਰੀ ਨੂੰ ਭੇਜਿਆ ਜਾਂਦਾ।'



