ਇਕ ਵਾਰ ਫੇਰ ਪੁੰਛ ‘ਚ ਹਮਲਾ ਦੋ ਜਵਾਨ ਜ਼ਖ਼ਮੀ ਇਕ JCO ਸ਼ਹੀਦ

ਇਕ ਵਾਰ ਫੇਰ ਪੁੰਛ ‘ਚ ਹਮਲਾ ਦੋ ਜਵਾਨ ਜ਼ਖ਼ਮੀ ਇਕ  JCO ਸ਼ਹੀਦ

ਪੁੰਛ (ਦੇਵ ਇੰਦਰਜੀਤ) : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਐਨਕਾਉਂਟਰ ਜਾਰੀ ਹੈ। ਜ਼ਿਲ੍ਹੇ ਦੇ ਬਿੰਬਰ ਗਲੀ ਵਿੱਚ ਚੱਲ ਰਹੇ ਮੁਕਾਬਲੇ ਵਿੱਚ ਇੱਕ ਜੇ.ਸੀ.ਓ. ਸ਼ਹੀਦ ਹੋ ਗਏ, ਜਦੋਂ ਕਿ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਫੌਜ ਦੇ ਸੂਤਰਾਂ ਨੇ ਜੇ.ਸੀ.ਓ. ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ।

ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਸ਼ਾਮ ਤੋਂ ਹੀ ਐਨਕਾਉਂਟਰ ਜਾਰੀ ਹੈ। ਇਸ ਦੇ ਨਾਲ ਹੀ ਰਾਜੌਰੀ-ਪੁੰਛ ‘ਚ ਗੱਡੀਆਂ ਦੀ ਆਵਾਜਾਈ ਵੀ ਰੋਕ ਦਿੱਤੀ ਗਈ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਿਛਲੇ ਦਿਨੀਂ ਅੱਤਵਾਦੀ ਵਾਰਦਾਤਾਂ ਕਾਫ਼ੀ ਜ਼ਿਆਦਾ ਵੱਧ ਗਈਆਂ ਹਨ, ਜਿਸ ਤੋਂ ਬਾਅਦ ਫੌਜ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਚਲਾ ਰਹੀ ਹੈ। ਪੁੰਛ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਨੇ ਮਿਲ ਕੇ ਕਾਊਂਟਰ-ਟੈਰਰਿਸਟ ਆਪਰੇਸ਼ਨ ਚਲਾਇਆ ਸੀ।

ਜਿਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਅੱਤਵਾਦੀ ਐੱਲ.ਓ.ਸੀ. ਪਾਰ ਕਰ ਚਮਰੇਰ ਦੇ ਜੰਗਲ ਤੱਕ ਪਹੁੰਚ ਗਏ ਸਨ। ਇਨਪੁਟ ਮਿਲਦੇ ਹੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਅਤੇ ਮੁਕਾਬਲਾ ਸ਼ੁਰੂ ਹੋ ਗਿਆ।

ਇੱਕ ਜੇ.ਸੀ.ਓ. ਸਮੇਤ 5 ਜਵਾਨ ਸ਼ਹੀਦ ਹੋਏ। ਇਨ੍ਹਾਂ ਜਵਾਨਾਂ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ। ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਵਿੱਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਰਜ ਸਿੰਘ ਅਤੇ ਵੈਸਾਖ ਐੱਚ. ਸ਼ਾਮਲ ਸਨ।

ਅੱਤਵਾਦੀਆਂ ਨਾਲ ਬਦਲਾ ਲੈਂਦੇ ਹੋਏ ਸਿਰਫ਼ 24 ਘੰਟੇ ਦੇ ਅੰਦਰ ਹੀ ਸੁਰੱਖਿਆ ਬਲਾਂ ਨੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਨ੍ਹਾਂ ਵਿਚੋਂ ਕੁੱਝ ਅੱਤਵਾਦੀ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿੱਚ ਵੀ ਸ਼ਾਮਲ ਸਨ।

ਅਨੰਤਨਾਗ ਵਿੱਚ ਫੌਜ ਨੇ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ ਸੀ, ਜਦੋਂ ਕਿ ਬਾਂਦੀਪੋਰਾ ਵਿੱਚ ਵੀ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ। ਉਥੇ ਹੀ, ਸ਼ੋਪੀਆਂ ਵਿੱਚ ਕੁਲ ਚਾਰ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।