ਕੇਰਲ ‘ਚ ਬਰਡ ਫਲੂ ਦਾ ਵਧਿਆ ਕਹਿਰ; 11,000 ਤੋਂ ਵੱਧ ਬੱਤਖਾਂ ਦੀ ਮੌਤ

by jaskamal

ਨਿਊਜ਼ ਡੈਸਕ (ਜਸਕਮਲ) : ਰਾਜ ਦੇ ਪਸ਼ੂ ਪਾਲਣ ਵਿਭਾਗ ਦੁਆਰਾ ਬਰਡ ਫਲੂ (H5N1 ਇਨਫਲੂਐਂਜ਼ਾ) ਲਈ ਚੇਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਕੇਰਲ ਦੇ ਕੋਟਾਯਮ ਜ਼ਿਲ੍ਹੇ 'ਚ ਵੱਡੀ ਗਿਣਤੀ 'ਚ ਬੱਤਖਾਂ ਨੂੰ ਮਾਰਿਆ ਗਿਆ ਤੇ ਸਾੜ ਦਿੱਤਾ ਗਿਆ।

ਕੋਟਾਯਮ ਦੇ ਜ਼ਿਲ੍ਹਾ ਕੁਲੈਕਟਰ ਪੀਕੇ ਜੈਸ੍ਰੀ ਨੇ ਕਿਹਾ, ਬਤਖਾਂ ਨੂੰ ਮਾਰਿਆ ਤੇ ਸਾੜਿਆ ਜਾ ਰਿਹਾ ਹੈ। ਕਾਲਾਰਾ, ਵੇਚੂਰ ਤੇ ਆਇਮਨਮ ਵਰਗੇ ਸਥਾਨ ਬਰਡ ਫਲੂ ਨਾਲ ਪ੍ਰਭਾਵਿਤ ਹੋਏ ਸਨ। ਪਿਛਲੇ ਹਫ਼ਤੇ ਜ਼ਿਲ੍ਹੇ 'ਚ ਬਹੁਤ ਸਾਰੀਆਂ ਬੱਤਖਾਂ ਤੇ ਸਥਾਨਕ ਪੰਛੀਆਂ ਦੇ ਮਰਨ ਤੋਂ ਬਾਅਦ ਸਭ ਤੋਂ ਪਹਿਲਾਂ ਅਲਾਪੁਝਾ 'ਚ ਬਰਡ ਫਲੂ ਦੇ ਡਰ ਦੀ ਰਿਪੋਰਟ ਕੀਤੀ ਗਈ ਸੀ, ਜਿਸ ਨਾਲ ਅਧਿਕਾਰੀਆਂ ਨੂੰ ਭੋਪਾਲ 'ਚ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਉਰਿਟੀ ਐਨੀਮਲ ਡਿਜ਼ੀਜ਼ 'ਚ ਨਮੂਨੇ ਭੇਜਣ ਲਈ ਮਜਬੂਰ ਕੀਤਾ ਗਿਆ ਸੀ।

ਰਾਜ ਦੀ ਰਾਜਧਾਨੀ ਤਿਰੂਵਨੰਤਪੁਰਮ 'ਚ ਪਸ਼ੂ ਪਾਲਣ ਮੰਤਰੀ ਜੇ ਸਿੰਚੂ ਰਾਣੀ ਨੇ ਦੱਸਿਆ, “ਸਰਕਾਰ ਨੇ ਜ਼ਿਲ੍ਹਾ ਕੁਲੈਕਟਰ ਨੂੰ ਜ਼ਰੂਰੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ 'ਚ ਪਹਿਲਾਂ ਹੀ ਬੱਤਖਾਂ, ਮੁਰਗੀਆਂ, ਬਟੇਰਾਂ ਤੇ ਘਰੇਲੂ ਪੰਛੀਆਂ ਦੇ ਅੰਡੇ, ਮੀਟ ਤੇ ਖਾਦ ਦੀ ਵਰਤੋਂ ਤੇ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ, ਉੱਥੇ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ ਤੇ ਲੋਕਾਂ ਨੂੰ ਰੋਕਥਾਮ ਵਾਲੀਆਂ ਦਵਾਈਆਂ ਵੰਡੀਆਂ ਜਾਣਗੀਆਂ।