ਇਕ ਹਫ਼ਤੇ ‘ਚ 1500 ਤੋਂ ਵੱਧ ਤਾਲਿਬਾਨ ਸੈਨਿਕ ਢੇਰ : ਆਰਮੀ ਚੀਫ਼ ਅਜਮਲ ਉਮਰ

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ ਵਿਚ ਹੁਣ ਸੁਰੱਖਿਆ ਬਲਾਂ ਨੇ ਤਾਲਿਬਾਨ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਦੀ ਹਿੰਸਾ ਦਾ ਕਰਾਰਾ ਜਵਾਬ ਦਿੰਦੇ ਹੋਏ ਅਫਗਾਨ ਬਲਾਂ ਨੇ ਬਲਖ ਦੇ ਉੱਤਰੀ ਸੂਬੇ ਵਿਚ ਕਲਦਾਰ ਜ਼ਿਲ੍ਹੇ 'ਤੇ ਕੰਟਰੋਲ ਵਾਪਸ ਲੈ ਲਿਆ ਹੈ। ਸਥਾਨਕ ਮੀਡੀਆ ਮੁਤਾਬਕ ਅਫਗਾਨ ਨੈਸ਼ਨਲ ਡਿਫੈਂਸ ਐਂਡ ਸਿਕਓਰਿਟੀ ਫੋਰਸਿਜ ਦੇ ਬੁਲਾਰੇ ਜਨਰਲ ਅਜਮਲ ਉਮਰ ਸ਼ਿਨਵਾਰੀ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਵਿਚ ਅਫਗਾਨ ਬਲਾਂ ਦੀਆਂ ਮੁਹਿੰਮਾਂ ਵਿਚ 1500 ਤੋਂ ਵੱਧ ਮਤਲਬ 1520 ਤਾਲਿਬਾਨ ਲੜਾਕੇ ਮਾਰੇ ਗਏ ਅਤੇ 800 ਹੋਰ ਜ਼ਖਮੀ ਹੋਏ ਹਨ। ਭਾਵੇਂਕਿ ਤਾਲਿਬਾਨ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।

ਫਰਿਯਾਬ ਦੇ ਮੈਮਾਨਾ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਤਾਲਿਬਾਨ ਨੇ ਮੋਰਟਾਰ ਅਤੇ ਰਾਕੇਟ ਨਾਲ ਹਮਲੇ ਕੀਤੇ ਹਨ, ਜਿਸ ਵਿਚ 3 ਆਮ ਨਾਗਰਿਕਾਂ ਨਾਲ 16 ਲੋਕ ਮਾਰੇ ਗਏ ਹਨ। ਸੈਨਾ ਮੁਤਾਬਕ ਗਜ਼ਨੀ, ਫਰਿਯਾਬ ਅਤੇ ਤਖਰ ਸੂਬਿਆਂ ਵਿਚ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਸੰਘਰਸ਼ ਹਾਲੇ ਵੀ ਜਾਰੀ ਹੈ। ਕਲਦਾਰ ਜ਼ਿਲ੍ਹੇ ਵਿਚ ਹੇਰਾਟਨ ਸਰਹੱਦੀ ਸ਼ਹਿਰ ਦੇ ਇਲਾਕਿਆਂ ਵਿਚ ਜਾਣ ਲਈ ਇਕ ਪ੍ਰਮੁੱਖ ਵਪਾਰ ਦਰਵਾਜ਼ਾ ਹੈ। ਇੱਥੇ ਅਫਗਾਨਿਸਤਾਨ ਅਤੇ ਉਜਬੇਕਿਸਤਾਨ ਵਿਚਕਾਰ ਇਕ ਬੰਦਰਗਾਹ ਵੀ ਹੈ। ਇਸੇ ਜ਼ਿਲ੍ਹੇ ਵਿਚ ਅਮੂ ਨਦੀ ਦੇ ਕਿਨਾਰੇ ਉਜਬੇਕਿਸਤਾਨ ਅਤੇ ਤਜਾਕਿਸਤਾਨ ਦੀ ਸਰਹੱਦ ਮਿਲਦੀ ਹੈ। ਇਸ ਲਿਹਾਜ ਨਾਲ ਅਫਗਾਨ ਸੈਨਾ ਲਈ ਇਸ ਨੂੰ ਇਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

ਕਲਦਾਰ ਜ਼ਿਲ੍ਹਾ ਇਕ ਮਹੀਨਾ ਪਹਿਲਾਂ ਹੀ ਤਾਲਿਬਾਨ ਦੇ ਕਬਜ਼ੇ ਵਿਚ ਸੀ। ਇਸ ਨੂੰ ਸੁਰੱਖਿਆ ਬਲਾਂ ਅਤੇ ਜਨ-ਵਿਦਰੋਹ ਬਲ ਦੇ ਮੈਂਬਰਾਂ ਨੇ ਸੋਮਵਾਰ ਨੂੰ ਮੁੜ ਵਾਪਸ ਲੈ ਲਿਆ। ਅਫਗਾਨਿਸਤਾਨ ਦੇ ਟੋਲੋ ਨਿਊਜ਼ ਮੁਤਾਬਕ ਬਲਖ ਗਵਰਨਰ ਦੇ ਬੁਲਾਰੇ ਆਦਿਲ ਸ਼ਾਹ ਆਦਿਨ ਨੇ ਕਿਹਾ,''ਸਾਡੀ ਸੈਨਾ ਨੇ ਚੰਗੀ ਤਰੱਕੀ ਕੀਤੀ ਹੈ। ਅਸੀਂ ਨਾਗਰਿਕਾਂ ਦੀ ਸੁਰੱਖਿਆ ਲਈ ਕੋਸ਼ਿਸ਼ ਕਰਾਂਗੇ।'' ਅਫਗਾਨ ਨੈਸ਼ਨਲ ਡਿਫੈਂਸ ਐਂਡ ਸਿਕਓਰਿਟੀ ਫੋਰਸਿਜ (ANDSF) ਦੇ ਬੁਲਾਰੇ ਜਨਰਲ ਅਜਮਲ ਉਮਰ ਸ਼ਿਨਵਾਰੀ ਨੇ ਕਿਹਾ ਕਿ 25 ਸੂਬਿਆਂ ਵਿਚ ਸਾਡੀਆਂ ਝੜਪਾਂ ਹੋਈਆਂ, ਜਿਹਨਾਂ ਵਿਚ ਅਫਗਾਨ ਬਲਾਂ ਨੇ ਤਰੱਕੀ ਕੀਤੀ ਹੈ।''