ਗੜ੍ਹਸ਼ੰਕਰ (ਰਾਘਵ): ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੰਮੂ ਤੋਂ ਦਿੱਲੀ ਜਾ ਰਹੀ ਟੂਰਿਸਟ ਬੱਸ ਹੁਸ਼ਿਆਰਪੁਰ-ਗੜ੍ਹਸ਼ੰਕਰ ਰੋਡ 'ਤੇ ਮਾਹਿਲਪੁਰ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਸਾਹਮਣੇ ਅੱਗੇ ਜਾ ਰਹੇ ਬਜਰੀ ਨਾਲ਼ ਲੱਦੇ ਟਿੱਪਰ ਨਾਲ਼ ਟਕਰਾ ਗਈ। ਇਸ ਟੱਕਰ ਕਾਰਨ ਬੱਸ ਵਿਚ ਸਫ਼ਰ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਗਗਨਦੀਪ (32) ਪੁੱਤਰ ਸ਼ਸ਼ੀ ਪਾਲ ਵਾਸੀ ਪਿੰਡ ਭੰਗਾਲਾ ਥਾਣਾ ਮੁਕੇਰੀਆਂ ਦੇ ਰੂਪ ਵਿਚ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਮਾਹਿਲਪੁਰ ਪੁਲਸ ਵੱਲੋਂ ਮ੍ਰਿਤਕ ਦੇਹ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਜੰਮੂ ਤੋਂ ਦਿੱਲੀ ਜਾ ਰਹੀ ਟੂਰਿਸਟ ਬੱਸ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਜਦੋਂ ਇਹ ਬੱਸ ਰਾਧਾ ਸੁਆਮੀ ਸਤਿਸੰਗ ਘਰ ਮਾਹਿਲਪੁਰ ਕੋਲ ਪੁੱਜੀ ਤਾਂ ਅੱਗੇ ਜਾ ਰਹੇ ਬਜਰੀ ਨਾਲ ਲੱਦੇ ਟਿੱਪਰ ਵਿਚ ਜਾ ਵੱਜੀ, ਜਿਸ ਕਾਰਨ ਬੱਸ ਵਿੱਚ ਸਫ਼ਰ ਕਰ ਰਹੇ ਗਗਨਦੀਪ ਪੁੱਤਰ ਸ਼ਸ਼ੀ ਪਾਲ ਵਾਸੀ ਪਿੰਡ ਗੋਲੀਆਂ ਦੀ ਦਰਦਨਾਕ ਮੌਤ ਹੋ ਗਈ।
ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸੇ ਦੌਰਾਨ ਨੌਜਵਾਨ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਸੀ। ਮ੍ਰਿਤਕ ਦੇ ਪਿਤਾ ਸ਼ਸ਼ੀ ਪਾਲ ਨੇ ਦੱਸਿਆਂ ਕਿ ਗਗਨਦੀਪ ਆਦਰਸ਼ ਸਕੂਲ ਨਵਾਂ ਗਰਾਂ ਥਾਣਾ ਪੋਜੇਵਾਲ ਪੜ੍ਹਾਉਂਦਾ ਸੀ ਅਤੇ ਆਪਣੇ ਦੋ ਬੇਟੀਆਂ ਸਮੇਤ ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਵਿਖੇ ਰਹਿੰਦਾ ਸੀ ਅਤੇ ਬੀਤੀ ਰਾਤ ਉਹ ਅਪਣੇ ਪਰਿਵਾਰ ਕੋਲ ਜਾਣ ਲਈ ਅਪਣੇ ਪਿੰਡ ਭੰਗਾਲਾ ਤੋਂ ਇਸ ਬੱਸ ਵਿੱਚ ਸਵਾਰ ਹੋਇਆ ਸੀ। ਇਸ ਸਬੰਧੀ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਰੱਖਵਾ ਦਿੱਤੀ ਗਈ ਹੈ।



