ਇਸਲਾਮਾਬਾਦ (ਰਾਘਵ) : ਪਾਕਿਸਤਾਨੀ ਫੌਜ ਦਾ ਮੇਜਰ ਰੈਂਕ ਦਾ ਅਧਿਕਾਰੀ ਮੋਇਜ਼ ਅੱਬਾਸ ਦੱਖਣੀ ਵਜ਼ੀਰਿਸਤਾਨ 'ਚ ਮਾਰਿਆ ਗਿਆ ਹੈ। ਮੋਇਜ਼ ਅੱਬਾਸ ਉਹੀ ਪਾਕਿਸਤਾਨੀ ਅਧਿਕਾਰੀ ਹੈ ਜਿਸ ਨੇ ਫਰਵਰੀ 2019 ਵਿੱਚ ਭਾਰਤੀ ਹਵਾਈ ਸੈਨਾ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ ਫੜਿਆ ਸੀ। ਅਭਿਨੰਦਨ ਦਾ ਲੜਾਕੂ ਜਹਾਜ਼ ਪਾਕਿਸਤਾਨੀ ਸਰਹੱਦ ਵਿੱਚ ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਜਦੋਂ ਉਹ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਘੁਸਪੈਠ ਦਾ ਜਵਾਬ ਦੇ ਰਿਹਾ ਸੀ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਉਸ ਨੂੰ ਬੰਦੀ ਬਣਾ ਲਿਆ ਸੀ।
ਸੂਤਰਾਂ ਮੁਤਾਬਕ ਮੇਜਰ ਮੋਇਜ਼ ਅੱਬਾਸ ਸੋਮਵਾਰ ਨੂੰ ਦੱਖਣੀ ਵਜ਼ੀਰਸਤਾਨ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ। ਦੱਖਣੀ ਵਜ਼ੀਰਿਸਤਾਨ ਦੇ ਸਰਗੋਧਾ ਖੁਰਮ ਵਿੱਚ ਟੀਟੀਪੀ ਵੱਲੋਂ ਪਾਕਿਸਤਾਨੀ ਫੌਜ ਦੇ ਜਵਾਨਾਂ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਪਾਕਿਸਤਾਨੀ ਫੌਜ ਦੇ ਦੋ ਅਧਿਕਾਰੀ ਮਾਰੇ ਗਏ ਸਨ, ਜਿਸ ਵਿੱਚ ਮੇਜਰ ਮੋਇਜ਼ ਅੱਬਾਸ ਦੀ ਵੀ ਮੌਤ ਹੋ ਗਈ ਸੀ।
ਮੋਇਜ਼ ਅੱਬਾਸ ਦਾ ਨਾਮ ਫਰਵਰੀ 2019 ਵਿੱਚ ਚਰਚਾ ਵਿੱਚ ਆਇਆ ਸੀ, ਜਦੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਭਾਰਤੀ ਪਾਇਲਟ ਅਭਿਨੰਦਨ ਨੂੰ ਫੜਨ ਵਾਲਾ ਪਹਿਲਾ ਪਾਕਿਸਤਾਨੀ ਅਧਿਕਾਰੀ ਸੀ। ਬਾਅਦ 'ਚ ਮੋਇਜ਼ ਅੱਬਾਸ ਨੇ ਕਈ ਇੰਟਰਵਿਊ ਵੀ ਦਿੱਤੇ, ਜਿਸ 'ਚ ਉਨ੍ਹਾਂ ਨੇ ਉਨ੍ਹਾਂ ਹਾਲਾਤਾਂ ਬਾਰੇ ਦੱਸਿਆ ਜਿਸ 'ਚ ਉਨ੍ਹਾਂ ਨੇ ਅਭਿਨੰਦਨ ਦਾ ਸਾਹਮਣਾ ਕੀਤਾ ਸੀ। ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਮੋਇਜ਼ ਅੱਬਾਸ ਦੀ ਮੌਤ ਦੀ ਪੁਸ਼ਟੀ ਕੀਤੀ। ਹਾਲਾਂਕਿ ਇਸ ਵਿੱਚ ਅਭਿਨੰਦਨ ਦਾ ਕੋਈ ਜ਼ਿਕਰ ਨਹੀਂ ਹੈ।
ਮਿਲੀ ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਦੇ ਦੱਖਣੀ ਵਜ਼ੀਰਿਸਤਾਨ ਜ਼ਿਲੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਇਹ ਆਪਰੇਸ਼ਨ ਚਲਾਇਆ ਗਿਆ। ਪਾਕਿਸਤਾਨੀ ਫੌਜ ਨੇ ਇਸ ਨੂੰ ਭਾਰਤ ਸਪਾਂਸਰ ਅੱਤਵਾਦ ਦੱਸਿਆ ਹੈ। ਉਂਜ ਤਾਂ ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਨੇ ਤਾਲਿਬਾਨ ਨੂੰ ਕਿਸ ਤਰ੍ਹਾਂ ਸੁਰੱਖਿਆ ਪ੍ਰਦਾਨ ਕੀਤੀ ਸੀ ਪਰ ਅੱਜ ਉਸੇ ਤਾਲਿਬਾਨ ਦੀ ਪਾਕਿਸਤਾਨੀ ਸ਼ਾਖਾ ਨੇ ਪਾਕਿਸਤਾਨ ਖ਼ਿਲਾਫ਼ ਮੁਹਿੰਮ ਛੇੜ ਦਿੱਤੀ ਹੈ।



